ਅਫ਼ਰੀਕਾ ਦਾ ਸਾਹੇਲ (Sahel) ਖੇਤਰ ਦਹਾਕਿਆਂ ਤੋਂ ਸੋਕੇ, ਮਾਰੂਥਲੀਕਰਨ, ਮਿੱਟੀ ਦੀ ਖਰਾਬੀ ਅਤੇ ਘਟਦੀ ਖੇਤੀ ਉਤਪਾਦਕਤਾ ਨਾਲ ਜੂਝਦਾ ਆ ਰਿਹਾ ਹੈ। ਅਟਲਾਂਟਿਕ ਮਹਾਸਾਗਰ ਦੇ ਨੇੜੇ ਸੇਨੇਗਲ ਤੋਂ ਲੈ ਕੇ ਸੂਡਾਨ ਅਤੇ ਲਾਲ ਸਾਗਰ ਵੱਲ ਫੈਲਿਆ ਇਹ ਵਿਸ਼ਾਲ ਅੱਧ-ਖੁਸ਼ਕ ਖੇਤਰ ਖ਼ਾਸ ਕਰਕੇ 1970 ਦੇ ਦਹਾਕੇ ਤੋਂ ਵਾਤਾਵਰਣੀ ਸੰਕਟ ਦੀ ਇੱਕ ਵੱਡੀ ਮਿਸਾਲ ਬਣਿਆ ਰਿਹਾ ਹੈ। ਪਰ ਹੁਣ ਸਾਹੇਲ ਦੇ ਕੁਝ ਹਿੱਸਿਆਂ ਵਿੱਚ ਇੱਕ ਵੱਖਰੀ ਤਸਵੀਰ ਸਾਹਮਣੇ ਆ ਰਹੀ ਹੈ। ਕਈ ਥਾਵਾਂ ’ਤੇ ਖਰਾਬ ਹੋ ਚੁੱਕੀ ਜ਼ਮੀਨ ਨੂੰ ਮੁੜ ਖੇਤੀਯੋਗ ਬਣਾਉਣ, ਮਿੱਟੀ ਵਿੱਚ ਨਮੀ ਸੰਭਾਲਣ ਅਤੇ ਦਰੱਖਤਾਂ ਦੀ ਕੁਦਰਤੀ ਵਾਪਸੀ ਲਈ ਸਥਾਨਕ ਕਿਸਾਨ ਪੁਰਾਤਨ ਤਕਨੀਕਾਂ ਨੂੰ ਮੁੜ ਅਪਣਾ ਰਹੇ ਹਨ।
ਇਸ ਬਦਲਾਅ ਦੀ ਖ਼ਾਸ ਗੱਲ ਇਹ ਹੈ ਕਿ ਇਹ ਸਿਰਫ਼ ਮਹਿੰਗੀ ਆਧੁਨਿਕ ਤਕਨਾਲੋਜੀ ’ਤੇ ਨਿਰਭਰ ਨਹੀਂ। ਇਸ ਦੇ ਪਿੱਛੇ ਸਥਾਨਕ ਖੇਤੀ ਗਿਆਨ, ਮੀਂਹ ਦੇ ਪਾਣੀ ਦੀ ਸੰਭਾਲ, ਕੁਦਰਤੀ ਪੁਨਰਜਨਮ ਅਤੇ ਅਫ਼ਰੀਕਾ ਦੀ ‘ਗ੍ਰੇਟ ਗ੍ਰੀਨ ਵਾਲ’ (Great Green Wall) ਵਰਗੀਆਂ ਪਹਿਲਕਦਮੀਆਂ ਦਾ ਸੁਮੇਲ ਹੈ।
ਮੀਂਹ ਦੀ ਹਰ ਬੂੰਦ ਸੰਭਾਲਣ ’ਤੇ ਜ਼ੋਰ
ਸਾਹੇਲ ਵਿੱਚ ਪਾਣੀ ਦੀ ਘਾਟ ਇੱਕ ਵੱਡੀ ਸਮੱਸਿਆ ਹੈ। ਇਸ ਲਈ ਕਿਸਾਨਾਂ ਦਾ ਧਿਆਨ ਸਿਰਫ਼ ਨਵੇਂ ਜਲ ਸਰੋਤ ਬਣਾਉਣ ਦੀ ਬਜਾਏ ਪੈਣ ਵਾਲੇ ਮੀਂਹ ਦੇ ਵੱਧ ਤੋਂ ਵੱਧ ਪਾਣੀ ਨੂੰ ਜ਼ਮੀਨ ਵਿੱਚ ਸੰਭਾਲਣ ਵੱਲ ਹੈ। ਬੁਰਕੀਨਾ ਫਾਸੋ ਅਤੇ ਨਾਈਜਰ ਵਰਗੇ ਦੇਸ਼ਾਂ ਵਿੱਚ ਕਈ ਪਰੰਪਰਾਗਤ ਤਕਨੀਕਾਂ ਨੇ ਇਸ ਕੰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਜ਼ਾਈ ਪਿੱਟਸ: ਛੋਟੇ ਖੱਡਿਆਂ ਨਾਲ ਬੰਜਰ ਜ਼ਮੀਨ ਵਿੱਚ ਨਵੀਂ ਜਾਨ
ਜ਼ਾਈ ਪਿੱਟਸ (Zai Pits) ਤਕਨੀਕ ਤਹਿਤ ਮੀਂਹ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਖ਼ਤ ਅਤੇ ਖਰਾਬ ਜ਼ਮੀਨ ਵਿੱਚ ਛੋਟੇ-ਛੋਟੇ ਖੱਡੇ ਪੁੱਟੇ ਜਾਂਦੇ ਹਨ। ਇਨ੍ਹਾਂ ਵਿੱਚ ਰੂੜ੍ਹੀ, ਜੈਵਿਕ ਪਦਾਰਥ ਜਾਂ ਕੰਪੋਸਟ ਪਾਈ ਜਾਂਦੀ ਹੈ। ਇਹ ਜੈਵਿਕ ਪਦਾਰਥ ਮਿੱਟੀ ਦੀ ਬਣਤਰ ਸੁਧਾਰਨ ਦੇ ਨਾਲ ਦੀਮਕ ਵਰਗੇ ਜੀਵਾਂ ਦੀ ਸਰਗਰਮੀ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਵੱਲੋਂ ਮਿੱਟੀ ਵਿੱਚ ਬਣਾਏ ਛੋਟੇ ਰਸਤੇ ਪਾਣੀ ਨੂੰ ਜ਼ਮੀਨ ਵਿੱਚ ਸਮਾਉਣ ਵਿੱਚ ਮਦਦ ਕਰ ਸਕਦੇ ਹਨ। ਨਤੀਜੇ ਵਜੋਂ ਮੀਂਹ ਦਾ ਪਾਣੀ ਸਿਰਫ਼ ਸਤ੍ਹਾ ਤੋਂ ਵਹਿ ਜਾਣ ਦੀ ਬਜਾਏ ਪੌਦਿਆਂ ਲਈ ਉਪਲਬਧ ਰਹਿੰਦਾ ਹੈ।
ਪੱਥਰਾਂ ਦੀਆਂ ਬੰਨ੍ਹੀਆਂ ਰੋਕਦੀਆਂ ਹਨ ਮਿੱਟੀ ਦਾ ਖੋਰ
Stone Bunds ਜਾਂ ਪੱਥਰਾਂ ਦੀਆਂ ਲਾਈਨਾਂ ਖੇਤਾਂ ਵਿੱਚ ਢਲਾਣ ਦੇ ਆੜੇ ਬਣਾਈਆਂ ਜਾਂਦੀਆਂ ਹਨ। ਇਹ ਮੀਂਹ ਦੇ ਪਾਣੀ ਦੀ ਰਫ਼ਤਾਰ ਘਟਾਉਂਦੀਆਂ ਹਨ, ਮਿੱਟੀ ਨੂੰ ਵਹਿਣ ਤੋਂ ਰੋਕਦੀਆਂ ਹਨ ਅਤੇ ਪਾਣੀ ਨੂੰ ਜ਼ਮੀਨ ਵਿੱਚ ਸਮਾਉਣ ਲਈ ਵੱਧ ਸਮਾਂ ਦਿੰਦੀਆਂ ਹਨ। ਇਸ ਤਰੀਕੇ ਨਾਲ ਹੌਲੀ-ਹੌਲੀ ਉਪਜਾਊ ਮਿੱਟੀ ਅਤੇ ਜੈਵਿਕ ਪਦਾਰਥ ਵੀ ਖੇਤ ਵਿੱਚ ਇਕੱਠੇ ਹੋਣ ਲੱਗਦੇ ਹਨ।
‘ਹਾਫ-ਮੂਨ’ ਬਣੇ ਕੁਦਰਤੀ ਪਾਣੀ ਸੰਭਾਲ ਢਾਂਚੇ
ਕਈ ਇਲਾਕਿਆਂ ਵਿੱਚ Half-moons ਅਰਥਾਤ ਅੱਧੇ ਚੰਦ ਵਰਗੇ ਮਿੱਟੀ ਦੇ ਢਾਂਚੇ ਬਣਾਏ ਜਾਂਦੇ ਹਨ। ਇਹ ਆਲੇ-ਦੁਆਲੇ ਤੋਂ ਆਉਣ ਵਾਲੇ ਮੀਂਹ ਦੇ ਪਾਣੀ ਨੂੰ ਇੱਕ ਥਾਂ ਇਕੱਠਾ ਕਰਦੇ ਹਨ। ਇਸ ਨਾਲ ਸੁੱਕੀ ਜ਼ਮੀਨ ਵਿੱਚ ਘਾਹ, ਫਸਲਾਂ ਅਤੇ ਦਰੱਖਤਾਂ ਦੇ ਵਧਣ ਲਈ ਬਿਹਤਰ ਹਾਲਾਤ ਬਣ ਸਕਦੇ ਹਨ।
ਨਵੇਂ ਦਰੱਖਤ ਲਗਾਉਣ ਦੀ ਥਾਂ ਪੁਰਾਣੀਆਂ ਜੜ੍ਹਾਂ ਨੂੰ ਦਿੱਤੀ ਨਵੀਂ ਜ਼ਿੰਦਗੀ
ਸਾਹੇਲ ਵਿੱਚ ਇੱਕ ਹੋਰ ਮਹੱਤਵਪੂਰਨ ਤਕਨੀਕ Farmer Managed Natural Regeneration (FMNR) ਹੈ। ਇਸ ਵਿੱਚ ਹਰ ਵਾਰ ਨਵੇਂ ਦਰੱਖਤ ਲਗਾਉਣ ਦੀ ਬਜਾਏ ਕਿਸਾਨ ਖੇਤਾਂ ਵਿੱਚ ਜ਼ਮੀਨ ਹੇਠਾਂ ਮੌਜੂਦ ਪੁਰਾਣੀਆਂ ਜੜ੍ਹਾਂ ਜਾਂ ਠੂਠਾਂ ਤੋਂ ਨਿਕਲ ਰਹੀਆਂ ਨਵੀਆਂ ਟਾਹਣੀਆਂ ਦੀ ਪਛਾਣ ਕਰਦੇ ਹਨ। ਚੁਣੀਆਂ ਹੋਈਆਂ ਟਾਹਣੀਆਂ ਨੂੰ ਬਚਾਇਆ ਅਤੇ ਸੰਭਾਲਿਆ ਜਾਂਦਾ ਹੈ, ਜਦਕਿ ਬੇਲੋੜੀ ਵਾਧ ਨੂੰ ਕੱਟਿਆ ਜਾਂਦਾ ਹੈ। ਇਸ ਤਰੀਕੇ ਨਾਲ ਦਰੱਖਤ ਮੁੜ ਤੇਜ਼ੀ ਨਾਲ ਵਧ ਸਕਦੇ ਹਨ ਅਤੇ ਸਮੇਂ ਦੇ ਨਾਲ ਖੇਤੀ ਵਾਲੇ ਖੇਤਰ ਵਿੱਚ ਦਰੱਖਤਾਂ ਦੀ ਗਿਣਤੀ ਵਧਦੀ ਹੈ। ਦਰੱਖਤ ਮਿੱਟੀ ਦੀ ਸਿਹਤ, ਛਾਂ, ਜੈਵਿਕ ਪਦਾਰਥ ਅਤੇ ਸਥਾਨਕ ਜੈਵ ਵਿਭਿੰਨਤਾ ਨੂੰ ਸੁਧਾਰਨ ਵਿੱਚ ਵੀ ਮਦਦ ਕਰਦੇ ਹਨ।
‘ਗ੍ਰੇਟ ਗ੍ਰੀਨ ਵਾਲ’ ਸਿਰਫ਼ ਦਰੱਖਤਾਂ ਦੀ ਕੰਧ ਨਹੀਂ
ਸਾਲ 2007 ਵਿੱਚ ਅਫ਼ਰੀਕੀ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ Great Green Wall ਪਹਿਲ ਨੂੰ ਸ਼ੁਰੂਆਤੀ ਦੌਰ ਵਿੱਚ ਸਾਹੇਲ ਵਿੱਚ ਪੂਰਬ ਤੋਂ ਪੱਛਮ ਤੱਕ ਦਰੱਖਤਾਂ ਦੀ ਇੱਕ ਵਿਸ਼ਾਲ ਹਰੀ ਪੱਟੀ ਵਜੋਂ ਪੇਸ਼ ਕੀਤਾ ਗਿਆ ਸੀ। ਪਰ ਸਮੇਂ ਦੇ ਨਾਲ ਇਸ ਦੀ ਸੋਚ ਬਦਲੀ ਹੈ। ਹੁਣ ਇਹ ਸਿਰਫ਼ ਦਰੱਖਤ ਲਗਾਉਣ ਦੀ ਮੁਹਿੰਮ ਨਹੀਂ, ਸਗੋਂ ਖਰਾਬ ਹੋਈ ਜ਼ਮੀਨ ਦੀ ਬਹਾਲੀ, ਟਿਕਾਊ ਖੇਤੀ, ਪਾਣੀ ਸੰਭਾਲ, ਜੈਵ ਵਿਭਿੰਨਤਾ ਅਤੇ ਸਥਾਨਕ ਲੋਕਾਂ ਲਈ ਰੋਜ਼ਗਾਰ ਤੇ ਆਮਦਨ ਦੇ ਮੌਕੇ ਪੈਦਾ ਕਰਨ ਨਾਲ ਜੁੜੀ ਵਿਆਪਕ ਪਹਿਲ ਹੈ। ਇਸ ਪਹਿਲ ਦੇ 2030 ਤੱਕ ਦੇ ਵੱਡੇ ਟੀਚਿਆਂ ਵਿੱਚ ਕਰੀਬ 100 ਮਿਲੀਅਨ ਹੈਕਟੇਅਰ ਖਰਾਬ ਹੋਈ ਜ਼ਮੀਨ ਦੀ ਬਹਾਲੀ, 250 ਮਿਲੀਅਨ ਟਨ ਕਾਰਬਨ ਨੂੰ ਸਟੋਰ/ਸੋਖਣ ਅਤੇ 10 ਮਿਲੀਅਨ ਹਰੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸ਼ਾਮਲ ਹਨ।
ਨਾਈਜਰ ਬਣਿਆ ਕੁਦਰਤੀ ਪੁਨਰਜਨਮ ਦੀ ਵੱਡੀ ਮਿਸਾਲ
ਸਾਹੇਲ ਦੀਆਂ ਸਭ ਤੋਂ ਚਰਚਿਤ ਸਫਲਤਾਵਾਂ ਵਿੱਚੋਂ ਇੱਕ ਨਾਈਜਰ ਵਿੱਚ ਕਿਸਾਨ-ਪ੍ਰਬੰਧਿਤ ਕੁਦਰਤੀ ਪੁਨਰਜਨਮ ਹੈ। ਵੱਖ-ਵੱਖ ਅਧਿਐਨਾਂ ਵਿੱਚ ਨਾਈਜਰ ਦੇ ਲੱਖਾਂ ਹੈਕਟੇਅਰ ਖੇਤੀ ਖੇਤਰ ਵਿੱਚ ਦਰੱਖਤਾਂ ਦੀ ਵੱਡੇ ਪੱਧਰ ’ਤੇ ਵਾਪਸੀ ਦਰਜ ਕੀਤੀ ਗਈ ਹੈ। ਲਗਭਗ 5 ਮਿਲੀਅਨ ਹੈਕਟੇਅਰ ਖੇਤਰ ਅਤੇ ਕਰੀਬ 200 ਮਿਲੀਅਨ ਦਰੱਖਤਾਂ ਦਾ ਅੰਕੜਾ FMNR ਦੀ ਸਫਲਤਾ ਨਾਲ ਅਕਸਰ ਜੋੜਿਆ ਜਾਂਦਾ ਹੈ। ਇਹ ਮਾਡਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਮਹਿੰਗੇ ਪੱਧਰ ’ਤੇ ਨਵੇਂ ਪੌਦੇ ਲਗਾਉਣ ਦੀ ਬਜਾਏ ਪਹਿਲਾਂ ਤੋਂ ਮੌਜੂਦ ਕੁਦਰਤੀ ਜੜ੍ਹ ਪ੍ਰਣਾਲੀ ਨੂੰ ਵਰਤਿਆ ਗਿਆ।
ਬੁਰਕੀਨਾ ਫਾਸੋ ਦੇ ਯਾਕੂਬਾ ਸਵਾਦੋਗੋ ਨੇ ਦਿਖਾਈ ਰਾਹ
ਬੁਰਕੀਨਾ ਫਾਸੋ ਦੇ ਕਿਸਾਨ ਯਾਕੂਬਾ ਸਵਾਦੋਗੋ (Yacouba Sawadogo) ਦਾ ਨਾਮ ਜ਼ਾਈ ਤਕਨੀਕ ਨੂੰ ਮੁੜ ਪ੍ਰਚਲਿਤ ਕਰਨ ਵਾਲੇ ਪ੍ਰਮੁੱਖ ਕਿਸਾਨਾਂ ਵਿੱਚ ਲਿਆ ਜਾਂਦਾ ਹੈ। ਉਨ੍ਹਾਂ ਨੇ ਪਾਣੀ ਸੰਭਾਲ, ਜੈਵਿਕ ਖਾਦ ਅਤੇ ਜ਼ਾਈ ਖੱਡਿਆਂ ਵਰਗੀਆਂ ਸਥਾਨਕ ਤਕਨੀਕਾਂ ਦੀ ਵਰਤੋਂ ਕਰਕੇ ਬਹੁਤ ਖਰਾਬ ਹੋ ਚੁੱਕੀ ਜ਼ਮੀਨ ’ਤੇ ਦਰੱਖਤ ਅਤੇ ਫਸਲਾਂ ਉਗਾਉਣ ਦੀ ਸਮਰੱਥਾ ਦਿਖਾਈ। ਉਨ੍ਹਾਂ ਦਾ ਕੰਮ ਇਸ ਗੱਲ ਦੀ ਮਿਸਾਲ ਬਣਿਆ ਕਿ ਸਥਾਨਕ ਗਿਆਨ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਘੱਟ ਵਰਖਾ ਵਾਲੇ ਇਲਾਕਿਆਂ ਵਿੱਚ ਵੀ ਜ਼ਮੀਨ ਦੀ ਸਿਹਤ ਸੁਧਾਰੀ ਜਾ ਸਕਦੀ ਹੈ।
ਸੇਨੇਗਲ ਵਿੱਚ ਐਗਰੋਫੋਰੈਸਟਰੀ ਨਾਲ ਆਮਦਨ ਦੇ ਮੌਕੇ
ਸੇਨੇਗਲ ਸਮੇਤ ਸਾਹੇਲ ਦੇ ਕੁਝ ਹੋਰ ਹਿੱਸਿਆਂ ਵਿੱਚ ਐਗਰੋਫੋਰੈਸਟਰੀ, ਜਲ ਸੰਭਾਲ ਅਤੇ ਸਥਾਨਕ ਦਰੱਖਤਾਂ ਦੀ ਬਹਾਲੀ ਰਾਹੀਂ ਵਾਤਾਵਰਣ ਦੇ ਨਾਲ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰੱਖਤਾਂ ਤੋਂ ਮਿਲਣ ਵਾਲੇ ਉਤਪਾਦ, ਚਾਰਾ, ਗੂੰਦ ਅਤੇ ਹੋਰ ਗੈਰ-ਲੱਕੜੀ ਜੰਗਲੀ ਉਤਪਾਦ ਸਥਾਨਕ ਪਰਿਵਾਰਾਂ ਲਈ ਵਾਧੂ ਆਮਦਨ ਦਾ ਸਰੋਤ ਬਣ ਸਕਦੇ ਹਨ।
ਸਫਲਤਾ ਦੇ ਬਾਵਜੂਦ ਚੁਣੌਤੀਆਂ ਵੱਡੀਆਂ
ਸਾਹੇਲ ਦੀ ਹਰਿਆਵਲੀ ਦੀ ਇਹ ਕਹਾਣੀ ਉਮੀਦ ਜ਼ਰੂਰ ਜਗਾਉਂਦੀ ਹੈ, ਪਰ ਖੇਤਰ ਨੂੰ ਪੂਰੀ ਤਰ੍ਹਾਂ ਵਾਤਾਵਰਣੀ ਸੰਕਟ ਤੋਂ ਬਾਹਰ ਮੰਨਣਾ ਜਲਦਬਾਜ਼ੀ ਹੋਵੇਗੀ। ਜਲਵਾਯੂ ਪਰਿਵਰਤਨ, ਵਧਦਾ ਤਾਪਮਾਨ, ਅਨਿਯਮਿਤ ਵਰਖਾ, ਲੰਬੇ ਸੋਕੇ, ਗਰੀਬੀ ਅਤੇ ਕਈ ਦੇਸ਼ਾਂ ਵਿੱਚ ਹਥਿਆਰਬੰਦ ਸੰਘਰਸ਼ ਜ਼ਮੀਨ ਬਹਾਲੀ ਦੇ ਕੰਮ ਲਈ ਵੱਡੀਆਂ ਚੁਣੌਤੀਆਂ ਹਨ। ਮਾਲੀ, ਬੁਰਕੀਨਾ ਫਾਸੋ, ਨਾਈਜਰ ਅਤੇ ਸੂਡਾਨ ਦੇ ਕਈ ਹਿੱਸਿਆਂ ਵਿੱਚ ਅਸਥਿਰਤਾ ਕਾਰਨ ਲੰਬੇ ਸਮੇਂ ਵਾਲੇ ਵਾਤਾਵਰਣੀ ਪ੍ਰੋਜੈਕਟਾਂ ਨੂੰ ਲਾਗੂ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ‘ਗ੍ਰੇਟ ਗ੍ਰੀਨ ਵਾਲ’ ਦੇ 2030 ਵਾਲੇ ਟੀਚਿਆਂ ਤੱਕ ਪਹੁੰਚਣ ਲਈ ਜ਼ਮੀਨ ਬਹਾਲੀ ਦੀ ਰਫ਼ਤਾਰ ਅਤੇ ਵਿੱਤੀ ਨਿਵੇਸ਼ ਨੂੰ ਕਾਫ਼ੀ ਵਧਾਉਣ ਦੀ ਲੋੜ ਹੈ।
ਦੁਨੀਆ ਲਈ ਸਾਹੇਲ ਦਾ ਵੱਡਾ ਸਬਕ
ਸਾਹੇਲ ਵਿੱਚ ਹੋ ਰਹੀਆਂ ਇਹ ਕੋਸ਼ਿਸ਼ਾਂ ਇੱਕ ਮਹੱਤਵਪੂਰਨ ਸੰਦੇਸ਼ ਦਿੰਦੀਆਂ ਹਨ—ਜ਼ਮੀਨ ਦੀ ਬਹਾਲੀ ਲਈ ਹਰ ਵਾਰ ਮਹਿੰਗੇ ਇੰਜੀਨੀਅਰਿੰਗ ਪ੍ਰੋਜੈਕਟ ਹੀ ਹੱਲ ਨਹੀਂ ਹੁੰਦੇ। ਸਥਾਨਕ ਕਿਸਾਨਾਂ ਦਾ ਪੀੜ੍ਹੀਆਂ ਪੁਰਾਣਾ ਗਿਆਨ, ਮੀਂਹ ਦੇ ਪਾਣੀ ਦੀ ਸੰਭਾਲ, ਮਿੱਟੀ ਵਿੱਚ ਜੈਵਿਕ ਪਦਾਰਥ ਦੀ ਵਾਪਸੀ, ਦਰੱਖਤਾਂ ਦਾ ਕੁਦਰਤੀ ਪੁਨਰਜਨਮ ਅਤੇ ਵਿਗਿਆਨਕ ਸਹਿਯੋਗ ਇਕੱਠੇ ਹੋਣ ਤਾਂ ਬਹੁਤ ਖਰਾਬ ਹੋ ਚੁੱਕੀ ਜ਼ਮੀਨ ਵਿੱਚ ਵੀ ਨਵੀਂ ਜਾਨ ਪਾਈ ਜਾ ਸਕਦੀ ਹੈ।
ਸਾਹੇਲ ਦੀ ਕਹਾਣੀ ਖ਼ਾਸ ਕਰਕੇ ਦੁਨੀਆ ਦੇ ਉਨ੍ਹਾਂ ਸੁੱਕੇ ਅਤੇ ਪਾਣੀ ਦੀ ਘਾਟ ਵਾਲੇ ਖੇਤਰਾਂ ਲਈ ਮਹੱਤਵਪੂਰਨ ਹੈ ਜਿੱਥੇ ਮਿੱਟੀ ਦਾ ਖੋਰ, ਡਿੱਗਦਾ ਭੂਜਲ ਪੱਧਰ ਅਤੇ ਜਲਵਾਯੂ ਪਰਿਵਰਤਨ ਖੇਤੀ ਲਈ ਵੱਡੀ ਚੁਣੌਤੀ ਬਣ ਰਹੇ ਹਨ।

