ਮਾਲੇਰਕੋਟਲਾ ਦਾ ਵਿਭਿੰਨਤਾ ਅਧਾਰਿਤ ਖੇਤੀ ਕਰਨ ਵਾਲਾ ਕਿਸਾਨ4 ਏਕੜ ਵਿੱਚ 20 ਤੋਂ ਵੱਧ ਫ਼ਸਲਾਂ ਉਗਾ ਕੇ ਸਫ਼ਲ ਹੋਇਆ ਮਾਲੇਰਕੋਟਲਾ ਦਾ ਕਿਸਾਨ ਗੁਰਸਿਮਰਨ ਸਿੰਘ

ਮਾਲੇਰਕੋਟਲਾ: ਪੰਜਾਬ ਵਿੱਚ ਜਿੱਥੇ ਵੱਡੀ ਗਿਣਤੀ ਕਿਸਾਨ ਰਵਾਇਤੀ ਫ਼ਸਲੀ ਚੱਕਰ ਅਤੇ ਵਧਦੇ ਖ਼ਰਚਿਆਂ ਕਾਰਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਥੋਆ ਦੇ ਪ੍ਰਗਤੀਸ਼ੀਲ ਕਿਸਾਨ ਗੁਰਸਿਮਰਨ ਸਿੰਘ ਨੇ ਸਿਰਫ਼ ਚਾਰ ਏਕੜ ਜ਼ਮੀਨ ‘ਤੇ ਵਿਭਿੰਨਤਾ ਅਧਾਰਿਤ ਖੇਤੀ ਕਰਕੇ ਇੱਕ ਨਵਾਂ ਮਿਸਾਲੀ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਸਫ਼ਲਤਾ ਲਈ ਜ਼ਮੀਨ ਦਾ ਰਕਬਾ ਨਹੀਂ, ਸਗੋਂ ਦੂਰਦਰਸ਼ੀ ਸੋਚ, ਸਹੀ ਯੋਜਨਾਬੰਦੀ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਲਗਨ ਸਭ ਤੋਂ ਮਹੱਤਵਪੂਰਨ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਲੇਰਕੋਟਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮਾਹਿਰਾਂ ਦੀ ਰਹਿਨੁਮਾਈ ਹੇਠ ਗੁਰਸਿਮਰਨ ਸਿੰਘ ਨੇ ਆਪਣੇ ਖੇਤ ਨੂੰ ਇੱਕ ਬਹੁ-ਫ਼ਸਲੀ (Diversified Farming) ਮਾਡਲ ਵਿੱਚ ਤਬਦੀਲ ਕਰ ਦਿੱਤਾ ਹੈ। ਅੱਜ ਉਨ੍ਹਾਂ ਦੇ ਫਾਰਮ ‘ਤੇ 20 ਤੋਂ ਵੱਧ ਕਿਸਮਾਂ ਦੀਆਂ ਫ਼ਸਲਾਂ, ਦਵਾਈ ਬੂਟੇ ਅਤੇ ਫਲਦਾਰ ਪੌਦੇ ਸਫ਼ਲਤਾਪੂਰਵਕ ਉਗਾਏ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਦੇ ਕਈ ਸਰੋਤ ਬਣੇ ਹਨ ਅਤੇ ਖੇਤੀ ਵਧੇਰੇ ਲਾਭਕਾਰੀ ਹੋਈ ਹੈ।

ਇੱਕੋ ਫਾਰਮ ‘ਤੇ ਕਈ ਕੀਮਤੀ ਫ਼ਸਲਾਂ

ਗੁਰਸਿਮਰਨ ਸਿੰਘ ਦੇ ਬਾਗ ਵਿੱਚ ਐਵੋਕਾਡੋ, ਪੀਕਨ, ਜਪਾਨੀ ਫਲ, ਨਿੰਬੂ, ਅਮਰੂਦ, ਚੀਆ ਸੀਡ ਅਤੇ ਕੈਲੀਫੋਰਨੀਆ ਬਦਾਮ ਵਰਗੀਆਂ ਉੱਚ ਮੁੱਲ ਵਾਲੀਆਂ ਫ਼ਸਲਾਂ ਅਤੇ ਫਲਦਾਰ ਪੌਦਿਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਹ ਫ਼ਸਲਾਂ ਨਾ ਸਿਰਫ਼ ਆਮਦਨ ਵਧਾਉਣ ਵਿੱਚ ਮਦਦ ਕਰਦੀਆਂ ਹਨ, ਸਗੋਂ ਬਾਜ਼ਾਰ ਵਿੱਚ ਵੀ ਵਧੀਆ ਕੀਮਤ ਪ੍ਰਾਪਤ ਕਰਦੀਆਂ ਹਨ।

ਇਸ ਤੋਂ ਇਲਾਵਾ ਉਹ ਵਪਾਰਕ ਪੱਧਰ ‘ਤੇ ਬਾਂਸ ਦੀ ਖੇਤੀ ਕਰ ਰਹੇ ਹਨ, ਜਿਸ ਦੀ ਭਵਿੱਖ ਵਿੱਚ ਉਦਯੋਗਿਕ ਅਤੇ ਵਾਤਾਵਰਣਕ ਪੱਖੋਂ ਵੱਡੀ ਸੰਭਾਵਨਾ ਮੰਨੀ ਜਾਂਦੀ ਹੈ। ਨਾਲ ਹੀ ਉਨ੍ਹਾਂ ਨੇ ਮਧੂ ਮੱਖੀ ਪਾਲਣ ਨੂੰ ਵੀ ਸਹਾਇਕ ਧੰਦੇ ਵਜੋਂ ਅਪਣਾਇਆ ਹੈ, ਜਿਸ ਨਾਲ ਸ਼ਹਿਦ ਉਤਪਾਦਨ ਦੇ ਨਾਲ-ਨਾਲ ਫ਼ਸਲਾਂ ਦੀ ਪਰਾਗਣ ਪ੍ਰਕਿਰਿਆ ਵਿੱਚ ਵੀ ਸੁਧਾਰ ਹੁੰਦਾ ਹੈ।

ਜੈਵਿਕ ਖੇਤੀ ਅਤੇ ਨਰਸਰੀ ਨਾਲ ਵਧੀ ਆਮਦਨ

ਹਾੜੀ ਸੀਜ਼ਨ ਦੌਰਾਨ ਗੁਰਸਿਮਰਨ ਸਿੰਘ ਜੈਵਿਕ ਤਰੀਕੇ ਨਾਲ ਸੋਨਾਮੋਤੀ ਕਣਕ ਦੀ ਕਾਸ਼ਤ ਕਰਦੇ ਹਨ, ਜਿਸ ਦੀ ਮੰਗ ਸਿਹਤ ਪ੍ਰਤੀ ਜਾਗਰੂਕ ਖਪਤਕਾਰਾਂ ਵਿੱਚ ਲਗਾਤਾਰ ਵਧ ਰਹੀ ਹੈ।

ਇਸ ਦੇ ਨਾਲ ਹੀ ਉਹ ਇੱਕ ਨਰਸਰੀ ਵੀ ਚਲਾ ਰਹੇ ਹਨ, ਜਿੱਥੇ ਵੱਖ-ਵੱਖ ਕਿਸਮਾਂ ਦੇ ਫਲਦਾਰ ਪੌਦੇ ਤਿਆਰ ਕਰਕੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਵੇਚੇ ਜਾਂਦੇ ਹਨ। ਇਸ ਕਾਰੋਬਾਰ ਨੇ ਉਨ੍ਹਾਂ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਹੈ ਅਤੇ ਉਨ੍ਹਾਂ ਨੂੰ ਖੇਤੀ ਨਾਲ ਜੁੜੇ ਇੱਕ ਸਫ਼ਲ ਉਦਯੋਗਪਤੀ ਵਜੋਂ ਸਥਾਪਿਤ ਕੀਤਾ ਹੈ।

ਹੋਰ ਕਿਸਾਨਾਂ ਲਈ ਬਣੇ ਪ੍ਰੇਰਣਾ ਸਰੋਤ

ਗੁਰਸਿਮਰਨ ਸਿੰਘ ਸਿਰਫ਼ ਆਪਣੀ ਖੇਤੀ ਤੱਕ ਸੀਮਤ ਨਹੀਂ ਹਨ, ਸਗੋਂ ਹੋਰ ਕਿਸਾਨਾਂ ਨੂੰ ਵੀ ਉੱਚ ਮੁੱਲ ਵਾਲੀਆਂ ਫ਼ਸਲਾਂ, ਬਾਗਬਾਨੀ, ਜੈਵਿਕ ਖੇਤੀ ਅਤੇ ਵਿਭਿੰਨਤਾ ਅਧਾਰਿਤ ਖੇਤੀ ਮਾਡਲ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਜੇ ਕਿਸਾਨ ਸਿਰਫ਼ ਰਵਾਇਤੀ ਫ਼ਸਲਾਂ ‘ਤੇ ਨਿਰਭਰ ਰਹਿਣ ਦੀ ਬਜਾਏ ਬਾਗਬਾਨੀ, ਨਰਸਰੀ, ਮਧੂ ਮੱਖੀ ਪਾਲਣ, ਜੈਵਿਕ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਨੂੰ ਵੀ ਆਪਣੀ ਖੇਤੀ ਨਾਲ ਜੋੜਣ, ਤਾਂ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਖੇਤੀ ਨੂੰ ਇੱਕ ਲਾਭਕਾਰੀ ਅਤੇ ਟਿਕਾਊ ਕਾਰੋਬਾਰ ਬਣਾਇਆ ਜਾ ਸਕਦਾ ਹੈ।

ਬਦਲਦੇ ਸਮੇਂ ਦੀ ਲੋੜ ਹੈ ਵਿਭਿੰਨਤਾ ਅਧਾਰਿਤ ਖੇਤੀ

ਖੇਤੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਮੌਸਮੀ ਤਬਦੀਲੀ, ਵਧਦੇ ਉਤਪਾਦਨ ਖ਼ਰਚੇ ਅਤੇ ਬਾਜ਼ਾਰ ਦੇ ਉਤਾਰ-ਚੜ੍ਹਾਅ ਦੇ ਮੱਦੇਨਜ਼ਰ ਵਿਭਿੰਨਤਾ ਅਧਾਰਿਤ ਖੇਤੀ ਹੀ ਭਵਿੱਖ ਦਾ ਰਾਹ ਹੈ। ਗੁਰਸਿਮਰਨ ਸਿੰਘ ਵਰਗੇ ਕਿਸਾਨ ਇਸ ਗੱਲ ਦੀ ਮਿਸਾਲ ਹਨ ਕਿ ਵਿਗਿਆਨਕ ਸਲਾਹ, ਨਵੀਂ ਸੋਚ ਅਤੇ ਯੋਜਨਾਬੱਧ ਖੇਤੀ ਨਾਲ ਛੋਟੇ ਕਿਸਾਨ ਵੀ ਵੱਡੀ ਸਫ਼ਲਤਾ ਹਾਸਲ ਕਰ ਸਕਦੇ ਹਨ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *