ਹੁਸ਼ਿਆਰਪੁਰ / ਗੜ੍ਹਸ਼ੰਕਰ: ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੰਜਾਬ ਐਗਰੋ) ਵੱਲੋਂ ਸਾਲ 2015 ਤੋਂ ਜੈਵਿਕ ਖੇਤੀ ਅਤੇ ਪ੍ਰਮਾਣਿਕਤਾ ਨੂੰ ਪ੍ਰਫੁੱਲਤ ਕਰਨ ਲਈ ‘ਨੈਸ਼ਨਲ ਪ੍ਰੋਗਰਾਮ ਫ਼ਾਰ ਆਰਗੈਨਿਕ ਪ੍ਰੋਡਕਸ਼ਨ’ (NPOP) ਅਧੀਨ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਐਗਰੋ ਦੀ ਮੈਨੇਜਿੰਗ ਡਾਇਰੈਕਟਰ (ਐਮ.ਡੀ) ਸ਼੍ਰੀਮਤੀ ਹਰਗੁਣਪ੍ਰੀਤ ਕੌਰ ਅਤੇ ਜਨਰਲ ਮੈਨੇਜਰ (ਜੀ.ਐਮ) ਸ਼੍ਰੀ ਰਣਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੀਤ ਇਲਾਕੇ ਅਧੀਨ ਪੈਂਦੇ ਪਿੰਡ ਟੱਬਾ ਵਿਖੇ ਅਗਾਂਹਵਧੂ ਜੈਵਿਕ ਕਿਸਾਨ ਮਹਿੰਦਰ ਪਾਲ ਸਿੰਘ ਦੇ ਫ਼ਾਰਮ ‘ਤੇ ਵਿਸ਼ੇਸ਼ ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਇਲਾਕੇ ਦੇ ਲਗਭਗ 50 ਕਿਸਾਨਾਂ ਨੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਸ਼੍ਰੀ ਰਸਪਿੰਦਰ ਸਿੰਘ (ਪਿੰਡ ਸ਼ੇਰਪੁਰ ਕਲਾਂ, ਲੁਧਿਆਣਾ) ਨੇ ਕਿਸਾਨਾਂ ਨਾਲ ਜੈਵਿਕ ਖੇਤੀ ਦੀ ਮਹੱਤਤਾ ਸਾਂਝੀ ਕਰਦਿਆਂ ਹਰੀਆਂ ਖਾਦਾਂ, ਲਾਭਕਾਰੀ ਸੂਖਮ ਜੀਵਾਂ ਦੀ ਵਰਤੋਂ ਅਤੇ ਫ਼ਸਲੀ ਵਿਭਿੰਨਤਾ ਬਾਰੇ ਵਿਸਥਾਰਪੂਰਵਕ ਤਕਨੀਕੀ ਨੁਕਤੇ ਸਾਂਝੇ ਕੀਤੇ।
ਕੈਂਪ ਦੌਰਾਨ ਜ਼ਿਲ੍ਹਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਪੈਲੀ ਨੇ ਦੱਸਿਆ ਕਿ ਬੀਤ ਦਾ ਸਮੁੱਚਾ ਖੇਤਰ ਕੁਦਰਤੀ ਤੌਰ ‘ਤੇ ਜੈਵਿਕ ਅਤੇ ਵਰਖਾ ‘ਤੇ ਨਿਰਭਰ ਹੈ, ਜਿੱਥੇ ਕਿਸਾਨਾਂ ਨੇ ਅੱਜ ਵੀ ਰਵਾਇਤੀ ਤੇ ਦੇਸੀ ਬੀਜਾਂ ਦੀਆਂ ਕਿਸਮਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਜੈਵਿਕ ਪ੍ਰਮਾਣੀਕਰਨ ਨਾਲ ਜੋੜਨਾ ਹੀ ਵਿਭਾਗ ਦਾ ਮੁੱਖ ਮੰਤਵ ਹੈ ਅਤੇ ਇਹ ਪ੍ਰਮਾਣੀਕਰਨ ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਖੇਤੀਬਾੜੀ ਅਫ਼ਸਰ ਡਾ. ਸੁਖਜਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਵਿੰਦਰ ਕੁਮਾਰ ਨੇ ਕਿਸਾਨਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ, ਖ਼ਾਸ ਕਰਕੇ ਨੈਸ਼ਨਲ ਮਿਸ਼ਨ ਆਨ ਨੈਚੁਰਲ ਫ਼ਾਰਮਿੰਗ ਬਾਰੇ ਜਾਣਕਾਰੀ ਦਿੱਤੀ। ਪੰਜਾਬ ਐਗਰੋ ਦੇ ਕਾਰਜਕਾਰੀ ਅਧਿਕਾਰੀਆਂ ਵਿਸ਼ਵਦੀਪ ਸਿੰਘ, ਜਸਪਾਲ ਸਿੰਘ ਅਤੇ ਹਰੀਸ਼ ਕੁਮਾਰ ਨੇ ਵੀ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਲੰਗੇਰੀ, ਵਰਿੰਦਰ ਰਾਣਾ (ਕੰਪਿਊਟਰ ਮਾਸਟਰ), ਸੁਰਿੰਦਰ ਸਿੰਘ (ਸਰਪੰਚ), ਵਰਿੰਦਰ ਸਿੰਘ ਚਨੋਲੀ ਅਤੇ ਪੰਡਿਤ ਸ਼ਰਮਾ (ਟੱਬਾ) ਸਮੇਤ ਇਲਾਕੇ ਦੇ ਪਤਵੰਤੇ ਕਿਸਾਨ ਹਾਜ਼ਰ ਸਨ।

