ਅੰਮ੍ਰਿਤਸਰ: ਜਿੱਥੇ ਅੱਜ ਦੇ ਦੌਰ ਵਿੱਚ ਵੱਧ ਮੁਨਾਫ਼ੇ ਲਈ ਫ਼ਸਲਾਂ ‘ਤੇ ਅੰਨ੍ਹੇਵਾਹ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਹੀ ਯੁੱਧ ਕਲਾ ਵਿੱਚ ਮਾਹਿਰ ਨਿਹੰਗ ਸਿੰਘਾਂ ਨੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਪੰਜਾਬ ਵਿੱਚ ਕਰੀਬ 3000 ਏਕੜ ਰਕਬੇ ਵਿੱਚ ਨਿਹੰਗ ਸਿੰਘਾਂ ਵੱਲੋਂ ਜੈਵਿਕ ਖੇਤੀ (Organic Farming) ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਮਕਸਦ ਗੁਰੂ ਘਰ ਦੇ ਲੰਗਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਅਤੇ ਸੰਗਤ ਨੂੰ ਜ਼ਹਿਰ ਮੁਕਤ ਭੋਜਨ ਛਕਾਉਣਾ ਹੈ।
ਖੇਤੀ ਦੇ ਕੁਦਰਤੀ ਤਰੀਕੇ
ਨਿਹੰਗ ਸਿੰਘਾਂ ਅਨੁਸਾਰ, ਖੇਤੀ ਵਿੱਚ ਰਸਾਇਣਾਂ ਦੀ ਥਾਂ ਪੁਰਾਤਨ ਅਤੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ ਜਾ ਰਿਹਾ ਹੈ। ਨਾਈਟ੍ਰੋਜਨ ਦੀ ਪੂਰਤੀ ਕੁਦਰਤੀ ਤੌਰ ਤੇ ਪੂਰਤੀ ਲਈ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤਾਂ ਵਿੱਚ ਢੈਂਚਾ ਵਰਗੀਆਂ ਫ਼ਸਲਾਂ ਬੀਜ ਕੇ ਉਨ੍ਹਾਂ ਨੂੰ ਵਿੱਚੇ ਹੀ ਵਾਹ ਦਿੱਤਾ ਜਾਂਦਾ ਹੈ, ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਧ ਸਕੇ। ਕੁਦਰਤੀ ਖਾਦ ਲਈ ਯੂਰੀਆ ਜਾਂ ਡੀ.ਏ.ਪੀ ਦੀ ਥਾਂ ‘ਤੇ ਰੂੜੀ ਦੀ ਖਾਦ (ਗੋਬਰ) ਦੀ ਵਰਤੋਂ ਕੀਤੀ ਜਾਂਦੀ ਹੈ। ਕੀਟਨਾਸ਼ਕਾਂ ਦੇ ਬਦਲ ਵਜੋਂ ਕੀੜਿਆਂ ਤੋਂ ਫ਼ਸਲ ਨੂੰ ਬਚਾਉਣ ਲਈ ਸੁਆਹ ਜਾਂ ਨਿੰਮ ਦੇ ਘੋਲ ਦਾ ਛਿੜਕਾਅ ਕੀਤਾ ਜਾਂਦਾ ਹੈ। ਜੇਕਰ ਲੋੜ ਪਵੇ ਤਾਂ 10 ਤਰ੍ਹਾਂ ਦੀਆਂ ਕੌੜੀਆਂ ਪੱਤੀਆਂ ਦਾ ਅਰਕ ਵੀ ਵਰਤਿਆ ਜਾਂਦਾ ਹੈ।
ਸਾਰੀ ਉਪਜ ਲੰਗਰ ਲਈ ਰਾਖਵੀਂ
ਜਥੇਦਾਰ ਬਾਬਾ ਜੋਗਾ ਸਿੰਘ ਅਤੇ ਬਾਬਾ ਪਰਮਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਖੇਤੀ ਦਾ ਮਕਸਦ ਵਪਾਰ ਕਰਨਾ ਨਹੀਂ ਹੈ। ਇੱਥੇ ਉਗਾਈ ਜਾਣ ਵਾਲੀ ਕਣਕ, ਗੰਨਾ, ਮੁੰਗੀ, ਗੋਭੀ, ਆਲੂ, ਪਿਆਜ਼, ਸਰ੍ਹੋਂ ਅਤੇ ਮੱਕੀ ਵਰਗੀਆਂ ਸਾਰੀਆਂ ਵਸਤੂਆਂ ਸਿਰਫ਼ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਹੀ ਵਰਤੀਆਂ ਜਾਂਦੀਆਂ ਹਨ। ਇਸ ਨੂੰ ਬਾਹਰ ਵੇਚਿਆ ਨਹੀਂ ਜਾਂਦਾ।
ਚੁਣੌਤੀਆਂ ਅਤੇ ਜਜ਼ਬਾ
ਬਿਨਾਂ ਪੈਸਟੀਸਾਈਡ ਦੇ ਖੇਤੀ ਕਰਨਾ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਇਸ ਨਾਲ ਝਾੜ ਘੱਟ ਨਿਕਲਦਾ ਹੈ ਅਤੇ ਮਿਹਨਤ ਜ਼ਿਆਦਾ ਲੱਗਦੀ ਹੈ। ਪਰ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਚੁਣੌਤੀਆਂ ਤੋਂ ਨਹੀਂ ਡਰਦੇ। ਰਸੋਈ ਵਿੱਚੋਂ ਨਿਕਲਣ ਵਾਲੀ ਸੁਆਹ ਨੂੰ ਵੀ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਜੋ ਉਸ ਨੂੰ ਖੇਤਾਂ ਵਿੱਚ ਵਰਤਿਆ ਜਾ ਸਕੇ। ਇਹ ਪਹਿਲ ਨਾ ਸਿਰਫ਼ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦੇ ਰਹੀ ਹੈ, ਸਗੋਂ ਸਾਨੂੰ ਸਾਡੀਆਂ ਜੜ੍ਹਾਂ ਅਤੇ ਸ਼ੁੱਧ ਖਾਣ-ਪੀਣ ਦੀ ਪਰੰਪਰਾ ਨਾਲ ਵੀ ਜੋੜ ਰਹੀ ਹੈ।

