ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਵਪਾਰਕ ਖੇਤੀ ਅਤੇ ਉਨ੍ਹਾਂ ਦੇ ਮੰਡੀਕਰਨ (Marketing) ਨੂੰ ਲੈ ਕੇ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ‘ਮੇਡ ਇਨ ਪੰਜਾਬ ਮੁਹਿੰਮ’ ਅਤੇ ‘ਇੰਨੋਵੇਟਿਵ ਫਾਰਮਰਜ਼ ਐਸੋਸੀਏਸ਼ਨ’ (IFA) ਹੁਸ਼ਿਆਰਪੁਰ ਦੇ ਕਿਸਾਨਾਂ ਨੇ ਲਾਲ ਮਿਰਚ ਦੀ ਖੇਤੀ ਅਤੇ ਇਸ ਦੀ ਪ੍ਰੋਸੈਸਿੰਗ ਰਾਹੀਂ ਕਮਾਈ ਦੇ ਅਜਿਹੇ ਹੈਰਾਨੀਜਨਕ ਅੰਕੜੇ ਸਾਹਮਣੇ ਲਿਆਂਦੇ ਹਨ, ਜੋ ਕਿਸਾਨਾਂ ਦੀ ਕਿਸਮਤ ਬਦਲ ਸਕਦੇ ਹਨ।
ਸਭ ਤੋਂ ਦਿਲਚਸਪ ਤੱਥ ਇਹ ਹੈ ਕਿ ਮਸਾਲਿਆਂ ਦੀ ਮਸ਼ਹੂਰ ਕੰਪਨੀ ‘MDH’ ਦੀ ਮੁੱਖ ਫੈਕਟਰੀ ਦਿੱਲੀ ਦੇ ਕੀਰਤੀ ਨਗਰ (ਰਜੌਰੀ ਗਾਰਡਨ ਦੇ ਨੇੜੇ) ਵਿੱਚ ਸਥਿਤ ਹੈ, ਜਿੱਥੇ ਆਲੇ-ਦੁਆਲੇ ਇੱਕ ਵੀ ਖੇਤ ਨਹੀਂ ਹੈ। ਜੇਕਰ ਬਿਨਾਂ ਖੇਤਾਂ ਵਾਲੇ ਸ਼ਹਿਰਾਂ ਵਿੱਚ ਬੈਠ ਕੇ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ, ਤਾਂ ਪੰਜਾਬ ਦਾ ਕਿਸਾਨ ਆਪਣੀ ਫ਼ਸਲ ਦੀ ਖੁਦ ਪ੍ਰੋਸੈਸਿੰਗ ਕਰਕੇ ਵੱਡਾ ਲਾਹਾ ਕਿਉਂ ਨਹੀਂ ਲੈ ਸਕਦਾ?
ਕੀ ਕਹਿੰਦੀਆਂ ਨੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ?
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੀਆਂ ਸਿਫ਼ਾਰਸ਼ਾਂ ਅਨੁਸਾਰ ਮਿਰਚਾਂ ਦੀਆਂ ਹਾਈਬ੍ਰਿਡ ਕਿਸਮਾਂ ਤੋਂ ਲਗਭਗ 25% ਸੁੱਕਾ ਮਾਦਾ (Dry Matter) ਮਿਲਦਾ ਹੈ। ਹਾਲਾਂਕਿ, ਯੂਨੀਵਰਸਿਟੀ ਵੱਲੋਂ ਸੁਧਰੀਆਂ ਕਿਸਮਾਂ ਬਾਰੇ ਇਹ ਜਾਣਕਾਰੀ ਸਪਸ਼ਟ ਰੂਪ ਵਿੱਚ ਸਾਂਝੀ ਨਹੀਂ ਕੀਤੀ ਗਈ, ਪਰ ਮਾਹਿਰਾਂ ਮੁਤਾਬਕ ਦੋਵਾਂ ਕਿਸਮਾਂ ਦੇ ਝਾੜ ਵਿੱਚ ਕੋਈ ਬਹੁਤ ਵੱਡਾ ਅੰਤਰ ਦੇਖਣ ਨੂੰ ਨਹੀਂ ਮਿਲਦਾ। PAU ਦੇ ਸਬਜ਼ੀ ਮਾਹਿਰ ਡਾ. ਨਵਜੋਤ ਸਿੰਘ ਜੀ ਨੇ ‘PAU ਕਿਸਾਨ ਕਲੱਬ’ ਦੇ ਇੱਕ ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਸਬਜ਼ੀਆਂ ਦੀ ਵਪਾਰਕ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ‘ਕਾਸ਼ਤ’ ਦੀ ਬਜਾਏ ‘ਮੰਡੀਕਰਨ (Marketing)’ ਦੇ ਪ੍ਰਬੰਧ ਦੀ ਵਿਉਂਤਬੰਦੀ ਪਹਿਲਾਂ ਕਰਨੀ ਚਾਹੀਦੀ ਹੈ।
ਕਮਾਈ ਦਾ ਗਣਿਤ: ਬਾਜ਼ਾਰੀ ਕੰਪਨੀਆਂ ਬਨਾਮ ਪੰਜਾਬ ਦੇ ਕਿਸਾਨ
ਬਾਜ਼ਾਰ ਵਿੱਚ ਐਮ.ਡੀ.ਐਚ. (MDH) ਕੰਪਨੀ ਦਾ 100 ਗ੍ਰਾਮ ਮਿਰਚ ਪਾਊਡਰ 60 ਰੁਪਏ ਵਿੱਚ ਵਿਕਦਾ ਹੈ। ਇਸ ਵਿੱਚ ਡੀਲਰ, ਦੁਕਾਨਦਾਰ ਦੇ ਮੁਨਾਫ਼ੇ ਅਤੇ ਫੈਕਟਰੀ ਦੇ ਸਾਰੇ ਖ਼ਰਚੇ ਸ਼ਾਮਲ ਹਨ। ਇਸ ਹਿਸਾਬ ਨਾਲ ਮਿਰਚ ਪਾਊਡਰ ਦਾ ਰੇਟ 600 ਰੁਪਏ ਪ੍ਰਤੀ ਕਿੱਲੋ ਅਤੇ 60,000 ਰੁਪਏ ਪ੍ਰਤੀ ਕੁਇੰਟਲ ਬਣਦਾ ਹੈ।

ਜੇਕਰ ਪੰਜਾਬ ਦਾ ਕਿਸਾਨ ਇਸੇ ਤਰਜ਼ ‘ਤੇ ਖੇਤੀ ਕਰੇ, ਤਾਂ ਮੁਨਾਫ਼ੇ ਦਾ ਹਿਸਾਬ ਕੁਝ ਇਸ ਤਰ੍ਹਾਂ ਹੈ:
ਔਸਤ ਝਾੜ: ਸੁਧਰੀਆਂ ਕਿਸਮਾਂ ਦਾ ਹਰੀ ਮਿਰਚ ਦਾ ਔਸਤ ਝਾੜ 60 ਕੁਇੰਟਲ ਪ੍ਰਤੀ ਏਕੜ।
ਲਾਲ ਮਿਰਚ (25% ਫ਼ਸਲ): ਜੇਕਰ ਖੇਤ ਦੀ ਸਿਰਫ਼ 25% ਮਿਰਚਾਂ ਨੂੰ ਪਕਾ ਕੇ ਲਾਲ ਕਰ ਲਿਆ ਜਾਵੇ, ਤਾਂ 15 ਕੁਇੰਟਲ ਲਾਲ ਮਿਰਚ ਮਿਲਦੀ ਹੈ।
ਸੁਕਾਉਣ ਤੋਂ ਬਾਅਦ (25% ਸੁੱਕਾ ਮਾਦਾ): 15 ਕੁਇੰਟਲ ਨੂੰ ਸੁਕਾ ਕੇ 3.75 ਕੁਇੰਟਲ ਸੁੱਕੀ ਮਿਰਚ (ਪ੍ਰਤੀ ਏਕੜ) ਤਿਆਰ ਹੁੰਦੀ ਹੈ।
ਮੁਨਾਫ਼ੇ ਦੇ ਦੋ ਮਾਡਲ:
ਵੱਡੀਆਂ ਕੰਪਨੀਆਂ ਦੇ ਰੇਟ ਮੁਤਾਬਕ (60,000 ਰੁਪਏ ਪ੍ਰਤੀ ਕੁਇੰਟਲ): 3.75 ਕੁਇੰਟਲ×60,000 ਰੁਪਏ=2.25 ਲੱਖ ਰੁਪਏ ਪ੍ਰਤੀ ਏਕੜ
IFA ਹੁਸ਼ਿਆਰਪੁਰ ਦੇ ਕਿਸਾਨਾਂ ਦਾ ਮਾਡਲ (400 ਰੁਪਏ ਪ੍ਰਤੀ ਕਿੱਲੋ): ਇੰਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਨੇ ਖਪਤਕਾਰਾਂ ਨੂੰ ਸ਼ੁੱਧ ਮਸਾਲਾ ਵਾਜਿਬ ਰੇਟ 'ਤੇ ਦੇਣ ਲਈ ਲਾਲ ਮਿਰਚ ਪਾਊਡਰ ਦਾ ਰੇਟ 400 ਰੁਪਏ ਪ੍ਰਤੀ ਕਿੱਲੋ (40,000 ਰੁਪਏ ਪ੍ਰਤੀ ਕੁਇੰਟਲ) ਰੱਖਿਆ ਹੈ। ਇਸ ਹਿਸਾਬ ਨਾਲ ਕੁੱਲ ਕਮਾਈ: 1.5 ਲੱਖ ਰੁਪਏ ਬਣਦੀ ਹੈ। ਜੇਕਰ ਕਿਸੇ ਕਾਰਨ ਝਾੜ ਅੱਧਾ ਵੀ ਰਹਿ ਜਾਵੇ, ਤਾਂ ਵੀ 75,000 ਰੁਪਏ ਪ੍ਰਤੀ ਏਕੜ ਦੀ ਸ਼ੁੱਧ ਬਚਤ ਹੁੰਦੀ ਹੈ।
ਬਿਨਾਂ ਟੈਕਸ ਅਤੇ ਬਿਨਾਂ ਆੜ੍ਹਤੀਏ ਦੀ ਕਮਾਈ
ਸਭ ਤੋਂ ਵੱਡੀ ਗੱਲ ਇਹ ਹੈ ਕਿ ਖੇਤ ਦੀ ਸਿਰਫ਼ 25% ਫ਼ਸਲ ਤੋਂ ਮਹਿਜ਼ 6 ਮਹੀਨਿਆਂ ਵਿੱਚ 75,000 ਰੁਪਏ ਦੀ ਇਹ ਕਮਾਈ ਸਿੱਧੀ ਕਿਸਾਨ ਦੀ ਜੇਬ ਵਿੱਚ ਜਾਂਦੀ ਹੈ। ਇਸ ਵਿੱਚ ਨਾ ਤਾਂ ਕੋਈ ਵਿਚੋਲਾ (ਮਿਡਲ ਮੈਨ/ਆੜ੍ਹਤੀਆ) ਹੈ ਅਤੇ ਨਾ ਹੀ ਕੋਈ ਸਰਕਾਰੀ ਟੈਕਸ।
‘ਮੇਡ ਇਨ ਪੰਜਾਬ ਮੁਹਿੰਮ’ ਅਤੇ ‘IFA ਹੁਸ਼ਿਆਰਪੁਰ’ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ਼ ਫ਼ਸਲ ਉਗਾਉਣ ਤੱਕ ਸੀਮਤ ਨਾ ਰਹਿਣ, ਸਗੋਂ ਉਸ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਵੱਲ ਕਦਮ ਵਧਾਉਣ ਤਾਂ ਜੋ ਪੰਜਾਬ ਦੀ ਖੇਤੀ ਨੂੰ ਮੁਨਾਫ਼ੇ ਦਾ ਸੌਦਾ ਬਣਾਇਆ ਜਾ ਸਕੇ।

