ਲੁਧਿਆਣਾ: ਪੰਜਾਬ ਵਿੱਚ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਦਾ ਸੀਜ਼ਨ ਨੇੜੇ ਆਉਂਦਿਆਂ ਕਿਸਾਨਾਂ ਲਈ ਚੰਗੀ ਗੁਣਵੱਤਾ ਵਾਲੇ ਬੀਜ ਦੀ ਚੋਣ ਸਭ ਤੋਂ ਅਹਿਮ ਕਦਮ ਬਣ ਜਾਂਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵੱਲੋਂ ਕਿਸਾਨਾਂ ਨੂੰ ਉੱਨਤ ਅਤੇ ਪ੍ਰਮਾਣਿਤ ਬੀਜ ਮੁਹੱਈਆ ਕਰਵਾਉਣ ਲਈ ਵੱਖ-ਵੱਖ ਫਸਲਾਂ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦੇ ਬੀਜ ਉਪਲੱਬਧ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਵੱਲੋਂ ਸਤੰਬਰ 2026 ਦੌਰਾਨ ਲੱਗਣ ਵਾਲੇ ਕਿਸਾਨ ਮੇਲਿਆਂ ਵਿੱਚ ਇਨ੍ਹਾਂ ਬੀਜਾਂ ਦੀ ਵਿਕਰੀ ਕੀਤੀ ਜਾਵੇਗੀ।
ਪੀਏਯੂ ਦੇ ਮਾਹਿਰਾਂ ਮੁਤਾਬਕ ਕਿਸੇ ਵੀ ਫਸਲ ਤੋਂ ਵਧੀਆ ਪੈਦਾਵਾਰ ਹਾਸਲ ਕਰਨ ਲਈ ਚੰਗੀ ਕਿਸਮ ਦੀ ਚੋਣ ਦੇ ਨਾਲ-ਨਾਲ ਉੱਚ ਗੁਣਵੱਤਾ ਵਾਲੇ ਬੀਜ ਦੀ ਵਰਤੋਂ ਵੀ ਬਹੁਤ ਜ਼ਰੂਰੀ ਹੈ। ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਬੀਜਾਂ ਨੂੰ ਨਿਰਧਾਰਿਤ ਮਿਆਰਾਂ ਅਨੁਸਾਰ ਸਾਫ਼, ਗਰੇਡ ਅਤੇ ਪੈਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬੀਜ ਦੀ ਸ਼ੁੱਧਤਾ ਅਤੇ ਉੱਗਣ ਸਮਰੱਥਾ ਦੀ ਵੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਕਿਸਾਨਾਂ ਤੱਕ ਮਿਆਰੀ ਬੀਜ ਪਹੁੰਚ ਸਕੇ।
ਕਣਕ ਦੀਆਂ ਕਈ ਕਿਸਮਾਂ ਕਿਸਾਨਾਂ ਲਈ ਉਪਲੱਬਧ
ਹਾੜ੍ਹੀ ਸੀਜ਼ਨ ਦੀ ਸਭ ਤੋਂ ਮਹੱਤਵਪੂਰਨ ਫਸਲ ਕਣਕ ਲਈ ਪੀਏਯੂ ਵੱਲੋਂ ਕਈ ਕਿਸਮਾਂ ਦੇ ਬੀਜ ਉਪਲੱਬਧ ਕਰਵਾਏ ਜਾ ਰਹੇ ਹਨ। ਸਮੇਂ ਸਿਰ ਬਿਜਾਈ ਵਾਲੀ ਕਣਕ ਵਿੱਚ ਪੀਬੀਡਬਲਯੂ 887, ਪੀਬੀਡਬਲਯੂ 872, ਪੀਬੀਡਬਲਯੂ 826, ਪੀਬੀਡਬਲਯੂ 725, ਪੀਬੀਡਬਲਯੂ 677, ਪੀਬੀਡਬਲਯੂ ਜ਼ਿੰਕ 2, ਪੀਬੀਡਬਲਯੂ 869, ਪੀਬੀਡਬਲਯੂ 1 ਚਪਾਤੀ, ਪੀਬੀਡਬਲਯੂ ਬਿਸਕੁਟ 1 ਅਤੇ ਪੀਬੀਡਬਲਯੂ ਆਰਐੱਸ 1 ਵਰਗੀਆਂ ਕਿਸਮਾਂ ਸ਼ਾਮਲ ਹਨ।
ਇਨ੍ਹਾਂ ਵਿੱਚ ਪੀਬੀਡਬਲਯੂ 887 ਨਵੀਂ ਕਿਸਮ ਵਜੋਂ ਦਰਸਾਈ ਗਈ ਹੈ। ਇਸ ਦੇ 20 ਅਤੇ 40 ਕਿਲੋਗ੍ਰਾਮ ਵਾਲੇ ਪੈਕਟ ਕ੍ਰਮਵਾਰ 1250 ਅਤੇ 2500 ਰੁਪਏ ਵਿੱਚ ਉਪਲੱਬਧ ਹੋਣਗੇ। ਪੀਬੀਡਬਲਯੂ ਜ਼ਿੰਕ 2 ਦੇ 20 ਅਤੇ 40 ਕਿਲੋਗ੍ਰਾਮ ਪੈਕਟਾਂ ਦੀ ਕੀਮਤ 850 ਅਤੇ 1700 ਰੁਪਏ, ਜਦਕਿ ਪੀਬੀਡਬਲਯੂ 869 ਦੇ 22.5 ਅਤੇ 45 ਕਿਲੋਗ੍ਰਾਮ ਪੈਕਟਾਂ ਦੀ ਕੀਮਤ 900 ਅਤੇ 1800 ਰੁਪਏ ਰੱਖੀ ਗਈ ਹੈ।
ਪੀਬੀਡਬਲਯੂ ਬਿਸਕੁਟ 1 ਦੇ 10 ਅਤੇ 20 ਕਿਲੋਗ੍ਰਾਮ ਪੈਕਟ 600 ਅਤੇ 1200 ਰੁਪਏ, ਜਦਕਿ ਪੀਬੀਡਬਲਯੂ ਆਰਐੱਸ 1 ਦੇ 10 ਅਤੇ 20 ਕਿਲੋਗ੍ਰਾਮ ਪੈਕਟ 1000 ਅਤੇ 2000 ਰੁਪਏ ਵਿੱਚ ਮਿਲਣਗੇ।
ਪਿਛੇਤੀ ਅਤੇ ਬਰਾਨੀ ਹਾਲਤਾਂ ਲਈ ਵੀ ਬੀਜ
ਜੇਕਰ ਕਿਸੇ ਕਾਰਨ ਕਿਸਾਨ ਕਣਕ ਦੀ ਬਿਜਾਈ ਨਿਰਧਾਰਿਤ ਸਮੇਂ ’ਤੇ ਨਹੀਂ ਕਰ ਸਕਦੇ ਤਾਂ ਪਿਛੇਤੀ ਬਿਜਾਈ ਲਈ ਪੀਬੀਡਬਲਯੂ 752 ਅਤੇ ਪੀਬੀਡਬਲਯੂ 771 ਕਿਸਮਾਂ ਵੀ ਉਪਲੱਬਧ ਹਨ। ਪੀਬੀਡਬਲਯੂ 771 ਦੇ 20 ਅਤੇ 40 ਕਿਲੋਗ੍ਰਾਮ ਪੈਕਟਾਂ ਦੀ ਕੀਮਤ 850 ਅਤੇ 1700 ਰੁਪਏ ਹੈ।
ਬਰਾਨੀ ਜਾਂ ਘੱਟ ਸਿੰਚਾਈ ਵਾਲੀਆਂ ਹਾਲਤਾਂ ਵਿੱਚ ਬਿਜਾਈ ਲਈ ਪੀਬੀਡਬਲਯੂ 927 ਦਾ ਬੀਜ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਦੇ 20 ਅਤੇ 40 ਕਿਲੋਗ੍ਰਾਮ ਪੈਕਟਾਂ ਦੀ ਕੀਮਤ 850 ਅਤੇ 1700 ਰੁਪਏ ਹੈ।
ਜੌਂ, ਛੋਲੇ ਅਤੇ ਮਸਰ ਦੇ ਬੀਜ ਵੀ ਮਿਲਣਗੇ
ਕਣਕ ਤੋਂ ਇਲਾਵਾ ਹਾੜ੍ਹੀ ਦੀਆਂ ਹੋਰ ਫਸਲਾਂ ਲਈ ਵੀ ਯੂਨੀਵਰਸਿਟੀ ਨੇ ਬੀਜ ਉਪਲੱਬਧ ਕਰਵਾਏ ਹਨ। ਜੌਂ ਵਿੱਚ ਪੀਐੱਲ 807, ਪੀਐੱਲ 942 ਅਤੇ ਪੀਐੱਲ 891 (ਛਿਲਕਾ ਰਹਿਤ) ਕਿਸਮਾਂ ਸ਼ਾਮਲ ਹਨ। ਪੀਐੱਲ 942 ਦੇ 5 ਅਤੇ 18 ਕਿਲੋਗ੍ਰਾਮ ਪੈਕਟ 150 ਅਤੇ 540 ਰੁਪਏ, ਜਦਕਿ ਪੀਐੱਲ 891 ਦੇ 5 ਅਤੇ 10 ਕਿਲੋਗ੍ਰਾਮ ਪੈਕਟ 200 ਅਤੇ 400 ਰੁਪਏ ਵਿੱਚ ਮਿਲਣਗੇ।
ਛੋਲਿਆਂ ਲਈ ਪੀਬੀਜੀ 10 ਅਤੇ ਪੀਬੀਜੀ 8 ਕਿਸਮਾਂ ਦਿੱਤੀਆਂ ਗਈਆਂ ਹਨ। ਪੀਬੀਜੀ 10 ਦੇ 2, 5 ਅਤੇ 10 ਕਿਲੋਗ੍ਰਾਮ ਪੈਕਟਾਂ ਦੀ ਕੀਮਤ ਕ੍ਰਮਵਾਰ 300, 750 ਅਤੇ 1500 ਰੁਪਏ ਹੈ। ਪੀਬੀਜੀ 8 ਦੇ 2, 4 ਅਤੇ 8 ਕਿਲੋਗ੍ਰਾਮ ਪੈਕਟ 300, 600 ਅਤੇ 1200 ਰੁਪਏ ਵਿੱਚ ਉਪਲੱਬਧ ਹਨ।
ਮਸਰ ਦੀਆਂ ਐੱਲਐੱਲ 1373 ਅਤੇ ਐੱਲਐੱਲ 1613 ਕਿਸਮਾਂ ਵਿੱਚੋਂ ਐੱਲਐੱਲ 1613 ਦਾ 2 ਕਿਲੋਗ੍ਰਾਮ ਪੈਕਟ 250 ਰੁਪਏ ਵਿੱਚ ਮਿਲੇਗਾ।
ਤੇਲਬੀਜ ਫਸਲਾਂ ਲਈ ਵੀ ਬੀਜਾਂ ਦੀਆਂ ਕਿਸਮਾਂ
ਤੇਲਬੀਜ ਫਸਲਾਂ ਵਿੱਚ ਤੋਰੀਏ ਲਈ ਟੀਐੱਲ 17 ਦਾ 0.4 ਅਤੇ 1 ਕਿਲੋਗ੍ਰਾਮ ਪੈਕਟ 100 ਅਤੇ 250 ਰੁਪਏ ਵਿੱਚ ਉਪਲੱਬਧ ਹੈ।
ਰਾਇਆ/ਸਰ੍ਹੋਂ ਵਿੱਚ ਪੀਬੀਆਰ 813, ਆਰਐੱਲਐੱਸਸੀ 3 ਅਤੇ ਪੀਐੱਚਆਰ 127 (ਹਾਈਬ੍ਰਿਡ) ਸ਼ਾਮਲ ਹਨ। ਆਰਐੱਲਐੱਸਸੀ 3 ਦੇ 0.4 ਅਤੇ 1 ਕਿਲੋਗ੍ਰਾਮ ਪੈਕਟ 100 ਅਤੇ 250 ਰੁਪਏ, ਜਦਕਿ ਪੀਐੱਚਆਰ 127 ਦੇ 0.5 ਅਤੇ 1 ਕਿਲੋਗ੍ਰਾਮ ਪੈਕਟ 300 ਅਤੇ 600 ਰੁਪਏ ਵਿੱਚ ਮਿਲਣਗੇ।
ਗੋਭੀ ਸਰ੍ਹੋਂ ਲਈ ਜੀਐੱਸਸੀ 7 ਅਤੇ ਪੀਜੀਐੱਸਐੱਚ 2155 (ਹਾਈਬ੍ਰਿਡ) ਦੇ ਬੀਜ ਉਪਲੱਬਧ ਹਨ। ਇਸੇ ਤਰ੍ਹਾਂ ਤਾਰਾਮੀਰਾ ਲਈ ਟੀਐੱਮਐੱਲਸੀ 2 ਅਤੇ ਅਲਸੀ ਲਈ ਐੱਲਸੀ 2063 ਦਾ ਬੀਜ ਵੀ ਕਿਸਾਨ ਖਰੀਦ ਸਕਣਗੇ।
ਹਰੇ ਚਾਰੇ ਲਈ ਬਰਸੀਮ ਅਤੇ ਜਵੀਂ ਦੇ ਬੀਜ
ਪਸ਼ੂਆਂ ਲਈ ਹਰੇ ਚਾਰੇ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਬਰਸੀਮ ਅਤੇ ਜਵੀਂ ਦੀਆਂ ਕਿਸਮਾਂ ਦੇ ਬੀਜ ਵੀ ਉਪਲੱਬਧ ਕਰਵਾਏ ਗਏ ਹਨ। ਬਰਸੀਮ ਵਿੱਚ ਬੀਐੱਲ 10, ਬੀਐੱਲ 42, ਬੀਐੱਲ 43 ਅਤੇ ਬੀਐੱਲ 44 ਸ਼ਾਮਲ ਹਨ। ਬੀਐੱਲ 42 ਦਾ 2 ਕਿਲੋਗ੍ਰਾਮ ਪੈਕਟ 800 ਰੁਪਏ ਵਿੱਚ ਮਿਲੇਗਾ।
ਜਵੀਂ ਵਿੱਚ ਓਐੱਲ 14, ਓਐੱਲ 15, ਓਐੱਲ 17 ਅਤੇ ਓਐੱਲ 16 ਕਿਸਮਾਂ ਹਨ। ਓਐੱਲ 15 ਦੇ 5, 15 ਅਤੇ 25 ਕਿਲੋਗ੍ਰਾਮ ਪੈਕਟਾਂ ਦੀ ਕੀਮਤ ਕ੍ਰਮਵਾਰ 400, 1200 ਅਤੇ 2000 ਰੁਪਏ ਹੈ, ਜਦਕਿ ਓਐੱਲ 16 ਦੇ 5 ਅਤੇ 10 ਕਿਲੋਗ੍ਰਾਮ ਪੈਕਟ 400 ਅਤੇ 800 ਰੁਪਏ ਵਿੱਚ ਉਪਲੱਬਧ ਹੋਣਗੇ। ਰਾਈ ਘਾਹ ਲਈ ਪੀਬੀਆਰਜੀ 2 ਅਤੇ ਪੀਬੀਆਰਜੀ 1 ਕਿਸਮਾਂ ਵੀ ਦਿੱਤੀਆਂ ਗਈਆਂ ਹਨ ਅਤੇ ਪੀਬੀਆਰਜੀ 1 ਦਾ 1 ਕਿਲੋਗ੍ਰਾਮ ਪੈਕਟ 400 ਰੁਪਏ ਦਾ ਹੈ।
ਛੋਟੇ ਕਿਸਾਨਾਂ ਲਈ ਦਾਲਾਂ ਅਤੇ ਤੇਲਬੀਜਾਂ ਦੀ ਕਿੱਟ
ਪੀਏਯੂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਦਾਲਾਂ ਅਤੇ ਤੇਲਬੀਜਾਂ ਦੀ ਇੱਕ ਵਿਸ਼ੇਸ਼ ਕਿੱਟ ਵੀ ਤਿਆਰ ਕੀਤੀ ਗਈ ਹੈ। 200 ਰੁਪਏ ਦੀ ਇੱਕ ਕਿੱਟ ਵਿੱਚ ਛੋਲੇ 0.40 ਕਿਲੋਗ੍ਰਾਮ, ਮਸਰ 0.25 ਕਿਲੋਗ੍ਰਾਮ, ਗੋਭੀ ਸਰ੍ਹੋਂ 0.20 ਕਿਲੋਗ੍ਰਾਮ ਅਤੇ ਅਲਸੀ 0.20 ਕਿਲੋਗ੍ਰਾਮ ਸ਼ਾਮਲ ਹਨ।
ਇਸੇ ਤਰ੍ਹਾਂ ਹਾੜ੍ਹੀ ਦੇ ਚਾਰਿਆਂ ਦੇ ਬੀਜਾਂ ਦੀ ਕਿੱਟ 300 ਰੁਪਏ ਵਿੱਚ ਮਿਲੇਗੀ। ਇਸ ਵਿੱਚ ਬਰਸੀਮ 0.30 ਕਿਲੋਗ੍ਰਾਮ, ਜਵੀਂ 0.80 ਕਿਲੋਗ੍ਰਾਮ, ਰਾਈ ਘਾਹ 0.15 ਕਿਲੋਗ੍ਰਾਮ ਅਤੇ ਤੋਰੀਆ 0.05 ਕਿਲੋਗ੍ਰਾਮ ਹੋਵੇਗਾ।
ਬੀਜ ਖਰੀਦਣ ਮਗਰੋਂ ਸਹੀ ਸੰਭਾਲ ਵੀ ਜ਼ਰੂਰੀ
ਪੀਏਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਿਰਫ਼ ਬੀਜ ਦੀ ਖਰੀਦ ਤੱਕ ਹੀ ਸੀਮਤ ਨਾ ਰਹਿਣ, ਸਗੋਂ ਉਸ ਦੀ ਸਹੀ ਸੰਭਾਲ ਕਰਨ ਦੀ ਵੀ ਸਲਾਹ ਦਿੱਤੀ ਹੈ। ਕਿਸਾਨ ਮੇਲਿਆਂ ਦੌਰਾਨ ਖਰੀਦੇ ਬੀਜਾਂ ਨੂੰ ਆਮ ਤੌਰ ’ਤੇ ਬਿਜਾਈ ਤੱਕ ਲਗਭਗ ਮਹੀਨਾ ਜਾਂ ਡੇਢ ਮਹੀਨਾ ਸੰਭਾਲ ਕੇ ਰੱਖਣਾ ਪੈ ਸਕਦਾ ਹੈ। ਇਸ ਦੌਰਾਨ ਜ਼ਿਆਦਾ ਤਾਪਮਾਨ, ਮੀਂਹ, ਨਮੀ ਅਤੇ ਕੀੜੇ-ਮਕੌੜਿਆਂ ਕਾਰਨ ਬੀਜ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ।
ਇਸ ਲਈ ਬੀਜ ਨੂੰ ਠੰਢੀ, ਸੁੱਕੀ ਅਤੇ ਸੁਰੱਖਿਅਤ ਥਾਂ ’ਤੇ ਰੱਖਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਦੀ ਸਹੀ ਸੋਧ ਕਰਨੀ ਵੀ ਜ਼ਰੂਰੀ ਹੈ। ਮਾਹਿਰਾਂ ਮੁਤਾਬਕ ਬੀਜ ਨੂੰ ਸਿਫਾਰਸ਼ ਕੀਤੀਆਂ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧਣ ਨਾਲ ਖੇਤ ਵਿੱਚ ਬੀਜ ਦਾ ਚੰਗਾ ਜੰਮ ਹੋਣ ਅਤੇ ਫਸਲ ਦੀ ਸ਼ੁਰੂਆਤੀ ਸਿਹਤਮੰਦ ਵਾਧੇ ਵਿੱਚ ਮਦਦ ਮਿਲਦੀ ਹੈ।
ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਵੱਧ ਝਾੜ ਲਈ ਬੀਜ ਦੀ ਚੋਣ ਅਤੇ ਬਿਜਾਈ ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ। ਫਸਲਾਂ ਦੀ ਕਾਸ਼ਤ ਅਤੇ ਬੀਜ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਪੀਏਯੂ ਵੱਲੋਂ ਪ੍ਰਕਾਸ਼ਿਤ ‘ਪੰਜਾਬ ਦੀਆਂ ਫਸਲਾਂ ਲਈ ਸਿਫਾਰਸ਼ਾਂ’ ਪੁਸਤਕ ਦਾ ਹਵਾਲਾ ਵੀ ਲੈ ਸਕਦੇ ਹਨ।
ਕਿਸਾਨ ਮੇਲਿਆਂ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ਦੇ ਬੀਜ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ, ਖੇਤਰੀ ਖੋਜ ਕੇਂਦਰਾਂ, ਬੀਜ ਉਤਪਾਦਨ ਫਾਰਮਾਂ, ਯੂਨੀਵਰਸਿਟੀ ਦੀ ਗੇਟ ਨੰਬਰ 1 ਅਤੇ ਸ਼ੰਭੂ ਬਾਰਡਰ ਸਥਿਤ ਬੀਜ ਦੁਕਾਨਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਣਗੇ।

