ਲੁਧਿਆਣਾ: ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਸੰਭਾਲ ਕਰਕੇ ਬਹੁਤ ਹੀ ਲਾਹੇਵੰਦ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਪਰਾਲੀ ਵਿੱਚ ਮੌਜੂਦ ਜੈਵਿਕ ਪਦਾਰਥ ਅਤੇ ਪੋਸ਼ਕ ਤੱਤਾਂ ਨੂੰ ਮੁੜ ਮਿੱਟੀ ਤੱਕ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ, ਉੱਥੇ ਹੀ ਮਿੱਟੀ ਦੀ ਸਿਹਤ ਸੁਧਾਰਨ ਅਤੇ ਇਸ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਵੀ ਇਹ ਤਰੀਕਾ ਕਾਰਗਰ ਸਾਬਤ ਹੋ ਸਕਦਾ ਹੈ। ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ‘ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ’ ਵਿਖੇ ਕਰਵਾਏ ਗਏ ਪੀ.ਏ.ਯੂ. ਦੇ ਔਰਗੈਨਿਕ ਕਲੱਬ ਦੇ ਤ੍ਰੈਮਾਸਿਕ ਸਿਖਲਾਈ ਕੈਂਪ ਦੌਰਾਨ ਭੂਮੀ ਵਿਗਿਆਨੀ ਡਾ. ਸੰਦੀਪ ਸ਼ਰਮਾ ਨੇ ਕਿਸਾਨਾਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਡਾ. ਸੰਦੀਪ ਸ਼ਰਮਾ ਨੇ ਪ੍ਰੋਜੈਕਟਰ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਢੁਕਵੀਂ ਸੰਭਾਲ ਕਰਕੇ ਇਸ ਨੂੰ ਜੈਵਿਕ ਖਾਦ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪਰਾਲੀ ਤੋਂ ਖਾਦ ਤਿਆਰ ਕਰਨ ਦੇ ਵੱਖ-ਵੱਖ ਤਰੀਕਿਆਂ ਅਤੇ ਖੇਤੀਬਾੜੀ ਵਿੱਚ ਇਸ ਦੀ ਵਰਤੋਂ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਹੈ, ਜਦਕਿ ਇਸੇ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਇਸ ਵਿੱਚ ਮੌਜੂਦ ਜੈਵਿਕ ਪਦਾਰਥ ਅਤੇ ਪੋਸ਼ਕ ਤੱਤਾਂ ਨੂੰ ਖੇਤਾਂ ਦੀ ਮਿੱਟੀ ਵਿੱਚ ਵਾਪਸ ਲਿਆਂਦਾ ਜਾ ਸਕਦਾ ਹੈ।
ਪਰਾਲੀ ਤੋਂ ਤਿਆਰ ਕੀਤੀ ਜੈਵਿਕ ਖਾਦ ਮਿੱਟੀ ਵਿੱਚ ਜੈਵਿਕ ਪਦਾਰਥ ਦੀ ਮਾਤਰਾ ਵਧਾਉਣ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਅਤੇ ਲੰਬੇ ਸਮੇਂ ਤੱਕ ਇਸ ਦੀ ਉਪਜਾਊ ਸ਼ਕਤੀ ਕਾਇਮ ਰੱਖਣ ਵਿੱਚ ਸਹਾਇਕ ਹੋ ਸਕਦੀ ਹੈ। ਇਸ ਨਾਲ ਪਰਾਲੀ ਨੂੰ ਖੇਤਾਂ ਲਈ ਬੋਝ ਸਮਝਣ ਦੀ ਬਜਾਏ ਇਸ ਨੂੰ ਇੱਕ ਉਪਯੋਗੀ ਖੇਤੀ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਡਾ. ਸ਼ਰਮਾ ਨੇ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਦਿਆਂ ਇਸ ਦੀ ਵਿਗਿਆਨਕ ਢੰਗ ਨਾਲ ਸੰਭਾਲ ਕਰਨ ਅਤੇ ਖੇਤੀ ਵਿੱਚ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਪਰਾਲੀ ਤੋਂ ਜੈਵਿਕ ਖਾਦ ਕਿਵੇਂ ਤਿਆਰ ਕਰਨੀ ਹੈ, ਇਸ ਲਈ ਕਿਹੜੀ ਵਿਧੀ ਅਪਣਾਉਣੀ ਚਾਹੀਦੀ ਹੈ ਅਤੇ ਇਹ ਖੇਤੀ ਤੇ ਮਿੱਟੀ ਲਈ ਕਿਵੇਂ ਲਾਹੇਵੰਦ ਹੈ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ।
