ਜਲੰਧਰ / ਹੁਸ਼ਿਆਰਪੁਰ: ਜਿੱਥੇ ਇਸ ਸਮੇਂ ਪੂਰਾ ਪੰਜਾਬ ਭਿਆਨਕ ਗਰਮੀ ਅਤੇ ਹੁੰਮ੍ਹਸ (ਉਮਸ) ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਸੂਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜੋ ਕੁਦਰਤ ਦੀ ਗੋਦ ਵਿੱਚ ਕਿਸੇ ਹਿੱਲ ਸਟੇਸ਼ਨ ਵਾਂਗ ਮਹਿਸੂਸ ਹੁੰਦਾ ਹੈ। ਇਸ ਪਿੰਡ ਦਾ ਨਾਂ ਹੈ ਪਾਟੀਆਲ। ਜਿੱਥੇ ਬਾਕੀ ਪੰਜਾਬ ਵਿੱਚ ਤਾਪਮਾਨ ਅਸਮਾਨੀਂ ਚੜ੍ਹਿਆ ਹੋਇਆ ਹੈ, ਉੱਥੇ ਪਟਿਆਲ ਪਿੰਡ ਦੀਆਂ ਰਾਤਾਂ ਏਨੀਆਂ ਠੰਢੀਆਂ ਹੁੰਦੀਆਂ ਹਨ ਕਿ ਲੋਕਾਂ ਨੂੰ ਰਾਤ ਨੂੰ ਸੌਣ ਵੇਲੇ ਰਜਾਈ ਦੀ ਲੋੜ ਪੈਂਦੀ ਹੈ। ਇਸ ਅਨੋਖੇ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਪਿੰਡ ਦੀ ਸੰਘਣੀ ਹਰਿਆਵਲ ਹੈ।
ਦੁੱਗਣੀ ਬਾਰਸ਼ ਅਤੇ ਘੱਟ ਤਾਪਮਾਨ
ਇਸ ਪਿੰਡ ਦੀ ਭੂਗੋਲਿਕ ਸਥਿਤੀ ਅਤੇ ਹਰਿਆਵਲ ਕਾਰਨ ਇੱਥੇ ਬਾਰਸ਼ ਵੀ ਬਾਕੀ ਪੰਜਾਬ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਜਿੱਥੇ ਪੰਜਾਬ ਵਿੱਚ ਔਸਤਨ ਬਾਰਸ਼ 649 ਮਿਲੀਮੀਟਰ ਹੁੰਦੀ ਹੈ, ਉੱਥੇ ਹੀ ਪਾਟੀਆਲ ਪਿੰਡ ਵਿੱਚ ਇਹ ਅੰਕੜਾ ਲਗਭਗ ਦੁੱਗਣਾ ਯਾਨੀ 1150 ਮਿਲੀਮੀਟਰ ਤੱਕ ਪਹੁੰਚ ਜਾਂਦਾ ਹੈ। ਸਿਰਫ਼ 150 ਘਰਾਂ ਅਤੇ ਕਰੀਬ 500 ਦੀ ਆਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਨੇ ਆਪਣੇ ਆਲੇ-ਦੁਆਲੇ ਦੀ ਹਰਿਆਵਲ ਨੂੰ ਇੰਨਾ ਸੰਭਾਲ ਕੇ ਰੱਖਿਆ ਹੈ ਕਿ ਇਹ ਪੂਰਾ ਪਿੰਡ ਕਿਸੇ ਸੰਘਣੇ ਜੰਗਲ ਵਿੱਚ ਵਸਿਆ ਪ੍ਰਤੀਤ ਹੁੰਦਾ ਹੈ।
ਪਿੰਡ ਦੀ ਸਰਪੰਚ ਰਾਧਾ ਰਾਣੀ ਦੇ ਬੇਟੇ ਸੰਦੀਪ ਨੇ ਦੱਸਿਆ ਕਿ ਪਿੰਡ ਦੇ ਜ਼ਿਆਦਾਤਰ ਘਰਾਂ ਵਿੱਚ ਸਿਰਫ਼ ਪੱਖੇ ਹੀ ਲੱਗੇ ਹੋਏ ਹਨ, ਏਅਰ ਕੰਡੀਸ਼ਨਰ (AC) ਦੀ ਇੱਥੇ ਕੋਈ ਲੋੜ ਨਹੀਂ ਪੈਂਦੀ। ਗਰਮੀਆਂ ਦੇ ਦਿਨਾਂ ਵਿੱਚ ਵੀ ਇੱਥੋਂ ਦਾ ਤਾਪਮਾਨ ਆਸ-ਪਾਸ ਦੇ ਇਲਾਕਿਆਂ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ। ਇੱਥੋਂ ਸਿਰਫ਼ 11 ਕਿੱਲੋ ਮੀਟਰ ਦੂਰ ਸਥਿਤ ਹਰਿਆਣਾ ਕਸਬੇ ਦਾ ਤਾਪਮਾਨ ਵੀ ਪਾਟੀਆਲ ਨਾਲੋਂ 5-6 ਡਿਗਰੀ ਜ਼ਿਆਦਾ ਦਰਜ ਕੀਤਾ ਜਾਂਦਾ ਹੈ।
ਸਿਆਲਾਂ ਵਿੱਚ ਜਮ ਜਾਂਦਾ ਹੈ ਪਾਣੀ
ਪਿੰਡ ਦੀ ਇੱਕ 102 ਸਾਲਾ ਬਜ਼ੁਰਗ ਮਾਤਾ ਗਿਆਨੋ ਦੇਵੀ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ, “ਮੈਂ ਪੂਰੀ ਜ਼ਿੰਦਗੀ ਵਿੱਚ ਭਾਵੇਂ ਕਿਤੇ ਵੀ ਰਿਸ਼ਤੇਦਾਰੀ ਵਿੱਚ ਜਾਵਾਂ, ਪਰ ਸ਼ਾਮ ਤੱਕ ਆਪਣੇ ਪਿੰਡ ਜ਼ਰੂਰ ਪਰਤ ਆਉਂਦੀ ਹਾਂ।” ਉਨ੍ਹਾਂ ਦੱਸਿਆ ਕਿ ਦਸੰਬਰ-ਜਨਵਰੀ ਦੇ ਮਹੀਨਿਆਂ ਵਿੱਚ ਇੱਥੇ ਠੰਢ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਚੋਅ (ਝੀਲਾਂ) ਅਤੇ ਘਰਾਂ ਵਿੱਚ ਬਾਲਟੀਆਂ ਵਿੱਚ ਰੱਖਿਆ ਪਾਣੀ ਵੀ ਜਮ ਜਾਂਦਾ ਹੈ। ਪਿੰਡ ਦੇ ਕਈ ਘਰਾਂ ਦੀਆਂ ਛੱਤਾਂ ਅੱਜ ਵੀ ਸਲੇਟ ਦੀਆਂ ਚਾਦਰਾਂ ਨਾਲ ਬਣੀਆਂ ਹੋਈਆਂ ਹਨ ਅਤੇ ਕੰਕਰੀਟ ਦੇ ਬਣੇ ਘਰ ਵੀ ਚਾਰੋ ਪਾਸਿਆਂ ਤੋਂ ਖੁੱਲ੍ਹੇਂ ਹਨ।
ਕੀ ਕਹਿੰਦੇ ਹਨ ਮੌਸਮ ਵਿਗਿਆਨੀ?
ਮੌਸਮ ਵਿਗਿਆਨੀ ਏ.ਕੇ. ਸ਼ੁਕਲਾ ਅਨੁਸਾਰ, ਪਿੰਡ ਦੇ ਆਲੇ-ਦੁਆਲੇ ਸ਼ਿਵਾਲਿਕ ਦੀਆਂ ਰੇਤਲੀਆਂ ਪਹਾੜੀਆਂ ਹਨ ਅਤੇ ਇਹ ਪੰਜਾਬ ਦੇ ਸਭ ਤੋਂ ਸੰਘਣੇ ਜੰਗਲਾਂ ਵਿੱਚੋਂ ਇੱਕ ਹੈ। ਇੱਥੇ ਚੌਹਾਲ ਡੈਮ ਅਤੇ ਦਸਮਾਲ ਡੈਮ ਦਾ ਪਾਣੀ ਸਾਰਾ ਸਾਲ ਚੋਅ ਵਿੱਚ ਵਹਿੰਦਾ ਰਹਿੰਦਾ ਹੈ। ਜਦੋਂ ਸੂਰਜ ਦੀ ਰੌਸ਼ਨੀ ਪਹਾੜਾਂ ‘ਤੇ ਪੈਂਦੀ ਹੈ, ਤਾਂ ਇਹ ਪਹਾੜ ਗਰਮੀ ਨੂੰ ਸੋਖ ਨਹੀਂ ਪਾਉਂਦੇ ਕਿਉਂਕਿ ਸੰਘਣੇ ਪੇੜ ਇਸ ਗਰਮੀ ਨੂੰ ਰੋਕ ਲੈਂਦੇ ਹਨ। ਜ਼ਮੀਨ ਜੋ ਗਰਮੀ ਸੋਖਦੀ ਹੈ, ਉਸ ਨੂੰ ਘਾਹ ਅਤੇ ਹਰਿਆਵਲ ਬਾਹਰ ਨਹੀਂ ਆਉਣ ਦਿੰਦੀ। ਇਸੇ ਕਾਰਨ ਸੂਰਜ ਢਲਨ ਤੋਂ ਬਾਅਦ ਸ਼ਹਿਰਾਂ ਦੇ ਮੁਕਾਬਲੇ ਇੱਥੇ ਹੁੰਮ੍ਹਸ ਬਹੁਤ ਘੱਟ ਹੁੰਦੀ ਹੈ ਅਤੇ ਸੰਘਣੇ ਜੰਗਲਾਂ ਵਿੱਚ ਤਾਪਮਾਨ 4-5 ਡਿਗਰੀ ਤੱਕ ਘੱਟ ਮਹਿਸੂਸ ਹੁੰਦਾ ਹੈ।
ਦੁਰਲੱਭ ਜੀਵ-ਜੰਤੂਆਂ ਅਤੇ ਤਿਤਲੀਆਂ ਦਾ ਘਰ
ਕੁਦਰਤ ਦੀ ਇਸ ਅਨਮੋਲ ਗੋਦ ਕਾਰਨ ਇਹ ਪਿੰਡ ਜੀਵ-ਜੰਤੂਆਂ ਲਈ ਵੀ ਇੱਕ ਸਵਰਗ ਵਰਗਾ ਹੈ। ਪਿੰਡ ਵਾਸੀ ਮਾਣ ਨਾਲ ਦੱਸਦੇ ਹਨ ਕਿ ਇੱਥੇ ਮਹਿਜ਼ 25 ਫੁੱਟ ਦੀ ਡੂੰਘਾਈ ‘ਤੇ ਹੀ ਸਾਫ਼ ਪਾਣੀ ਮਿਲ ਜਾਂਦਾ ਹੈ।
ਇਸ ਖੇਤਰ ਵਿੱਚ ਤਿਤਲੀਆਂ ਦੀਆਂ 50 ਤੋਂ ਵੱਧ ਦੁਰਲੱਭ ਪ੍ਰਜਾਤੀਆਂ ਦਰਜ ਕੀਤੀਆਂ ਗਈਆਂ ਹਨ। ਇਹਨਾਂ ਵਿੱਚੋਂ ‘ਔਰੇਂਜ ਓਕਲੀਫ’ ਨਾਂ ਦੀ ਤਿਤਲੀ ਬੇਹੱਦ ਖ਼ਾਸ ਹੈ, ਜੋ ਆਪਣੇ ਪੰਖ ਬੰਦ ਕਰਨ ‘ਤੇ ਸੁੱਕੇ ਪੱਤੇ ਵਰਗੀ ਦਿਖਾਈ ਦਿੰਦੀ ਹੈ, ਪਰ ਪੰਖ ਫੈਲਾਉਂਦੇ ਹੀ ਚਮਕੀਲੇ ਨੀਲੇ ਅਤੇ ਸੰਤਰੀ ਰੰਗ ਵਿੱਚ ਬਦਲ ਜਾਂਦੀ ਹੈ। ਇਸ ਤੋਂ ਇਲਾਵਾ, ਜੰਗਲਾਂ ਵਿੱਚ ਤੇਂਦੂਆ, ਪੈਂਗੋਲਿਨ ਅਤੇ ਭੌਂਕਣ ਵਾਲਾ ਹਿਰਨ (Barking Deer) ਵੀ ਪਾਇਆ ਜਾਂਦਾ ਹੈ। ਇਹ ਹਿਰਨ ਖ਼ਤਰਾ ਮਹਿਸੂਸ ਹੋਣ ‘ਤੇ ਕੁੱਤੇ ਵਰਗੀ ਆਵਾਜ਼ ਕੱਢਦਾ ਹੈ। ਇਹ ਇਲਾਕਾ ਜੰਗਲੀ ਗੁੜ੍ਹਲ (Hibiscus hoshiarpurensis) ਦੀ ਇੱਕ ਬਹੁਤ ਹੀ ਦੁਰਲੱਭ ਪ੍ਰਜਾਤੀ ਦਾ ਇੱਕ ਮਾਤਰ ਕੁਦਰਤੀ ਨਿਵਾਸ ਸਥਾਨ ਵੀ ਮੰਨਿਆ ਜਾਂਦਾ ਹੈ, ਜੋ ਕਿ ਇਸ ਸਮੇਂ ਅਲੋਪ ਹੋਣ ਦੀ ਕਗਾਰ ‘ਤੇ ਹੈ।
ਕੁਦਰਤ ਨਾਲ ਲਗਾਓ ਕਾਰਨ, ਨੌਕਰੀਆਂ ਕਰ ਕੇ ਦੂਜੇ ਸ਼ਹਿਰਾਂ ਵਿੱਚ ਜਾ ਕੇ ਵਸੇ ਲੋਕ ਵੀ ਆਪਣੇ ਜੱਦੀ ਘਰਾਂ ਨੂੰ ਨਹੀਂ ਵੇਚਦੇ ਅਤੇ ਹਰ ਸਾਲ ਇਸ ਕੁਦਰਤੀ ਜੀਵਨ ਦਾ ਅਨੰਦ ਲੈਣ ਲਈ ਆਪਣੇ ਪਿੰਡ ਪਟਿਆਲ ਜ਼ਰੂਰ ਪਰਤਦੇ ਹਨ।

