ਚੰਡੀਗੜ੍ਹ: ਨਗਰ ਨਿਗਮ ਨੇ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਨਵੀਂ ਤੇ ਵਾਤਾਵਰਨ-ਪੱਖੀ ਪਹਿਲਕਦਮੀ ਕੀਤੀ ਹੈ। ਇਸ ਤਕਨੀਕ ਤਹਿਤ ਬੈਕਟੀਰੀਆ ਹੀ ਸੀਵਰੇਜ ਵਿੱਚ ਮੌਜੂਦ ਜੈਵਿਕ ਪ੍ਰਦੂਸ਼ਕਾਂ ਨੂੰ ਕੁਦਰਤੀ ਢੰਗ ਨਾਲ ਨਸ਼ਟ ਕਰਕੇ ਪਾਣੀ ਨੂੰ ਸਾਫ਼ ਕਰਨਗੇ।
ਹਿੰਦੀ ਅਖਬਾਰ ਦੈਨਿਕ ਭਾਸਰ ਦੀ ਰਿਪੋਰਟ ਮੁਤਾਬਕ ਫ਼ੈਦਾਂ ਪਿੰਡ ਦੇ ਕਰੀਬ 300 ਘਰਾਂ ਦਾ ਸੀਵਰੇਜ ਦਾ ਪਾਣੀ ਸਿੱਧਾ ਨਾਲੇ ਵਿੱਚ ਡਿੱਗਣ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਸਖ਼ਤ ਹੁਕਮਾਂ ਮਗਰੋਂ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਂ ਤਾਂ ਸੀਵਰ ਲਾਈਨ ਵਿਛਾਉਣ ਜਾਂ ਘਰਾਂ ‘ਚ ਪਿੱਟ ਬਣਾਉਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਨਾਲ ਘਰਾਂ ‘ਤੇ ਢਾਹੁਣ ਦੀ ਕਾਰਵਾਈ (Demolition) ਦਾ ਖ਼ਤਰਾ ਮੰਡਰਾ ਰਿਹਾ ਸੀ। ਹੁਣ ਨਗਰ ਨਿਗਮ ਵੱਲੋਂ ‘ਇਨ-ਸੀਟੂ ਵੇਸਟਵਾਟਰ ਟ੍ਰੀਟਮੈਂਟ ਟੈਕਨਾਲੋਜੀ’ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਨਾ ਤਾਂ ਵੱਡੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਲਗਾਉਣ ਦੀ ਲੋੜ ਪਵੇਗੀ ਅਤੇ ਨਾ ਹੀ ਮਕਾਨਾਂ ਨੂੰ ਨੁਕਸਾਨ ਪਹੁੰਚੇਗਾ।
ਕਿਵੇਂ ਕੰਮ ਕਰੇਗੀ ਇਹ ਤਕਨੀਕ?
ਮੁੰਬਈ ਦੀ ਇੱਕ ਪ੍ਰਦਰਸ਼ਨੀ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਤਹਿਤ ਨਾਲੇ ਦੇ ਵਗਦੇ ਪਾਣੀ ਵਿੱਚ ਵਿਸ਼ੇਸ਼ ਮਾਈਕ੍ਰੋਬੀਅਲ ਕੰਸੋਰਟੀਅਮ (ਲਾਭਕਾਰੀ ਸੂਖਮ ਜੀਵਾਂ/ਬੈਕਟੀਰੀਆ ਦਾ ਮਿਸ਼ਰਣ) ਛੱਡਿਆ ਜਾਵੇਗਾ। ਇਹ ਬੈਕਟੀਰੀਆ ਸੀਵਰੇਜ ਵਿੱਚ ਮੌਜੂਦ ਜੈਵਿਕ ਪ੍ਰਦੂਸ਼ਕਾਂ ਨੂੰ ਕੁਦਰਤੀ ਢੰਗ ਨਾਲ ਨਸ਼ਟ ਕਰਕੇ ਪਾਣੀ ਨੂੰ ਸਾਫ਼ ਕਰਨਗੇ। ਪਾਣੀ ਦੀ ਲਗਾਤਾਰ ਜਾਂਚ ਲਈ ਨਾਲੇ ‘ਤੇ ਸੀਸੀਟੀਵੀ (CCTV), ਫ਼ਲੋਅ ਮੀਟਰ ਅਤੇ ਆਨਲਾਈਨ ਡਾਟਾ ਲੌਗਰ ਲਗਾਏ ਜਾਣਗੇ।
ਪ੍ਰਦੂਸ਼ਣ ਘਟਾਉਣ ਦਾ ਟੀਚਾ:
ਫ਼ੈਦਾਂ ਨਾਲੇ ਵਿੱਚ ਰੋਜ਼ਾਨਾ ਲਗਭਗ 50 ਤੋਂ 70 ਐਮ.ਐਲ.ਡੀ. ਗੰਦਾ ਪਾਣੀ ਡਿੱਗਦਾ ਹੈ। ਇਸ ਤਕਨੀਕ ਰਾਹੀਂ ਪਾਣੀ ਨੂੰ ਐਨ.ਜੀ.ਟੀ. ਦੇ ਮਾਪਦੰਡਾਂ ਅਨੁਸਾਰ ਸ਼ੁੱਧ ਕਰਨ ਦਾ ਟੀਚਾ ਮਿੱਥਿਆ ਗਿਆ ਹੈ:
- ਬੀ.ਓ.ਡੀ. (BOD): ਮੌਜੂਦਾ ਪੱਧਰ 150–200 ਤੋਂ ਘਟਾ ਕੇ 10 ਤੋਂ ਹੇਠਾਂ ਲਿਆਉਣਾ।
- ਸੀ.ਓ.ਡੀ. (COD): 300–400 ਤੋਂ ਘਟਾ ਕੇ 50 ਤੋਂ ਹੇਠਾਂ ਲਿਆਉਣਾ।
- ਟੀ.ਐਸ.ਐਸ. (TSS): 100–150 ਤੋਂ ਘਟਾ ਕੇ 20 ਤੋਂ ਹੇਠਾਂ ਲਿਆਉਣਾ।
ਕਾਮਯਾਬੀ ਮਿਲਣ ‘ਤੇ ਹੀ ਹੋਵੇਗਾ ਭੁਗਤਾਨ:
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਚੀਫ਼ ਇੰਜੀਨੀਅਰ ਸੰਜੇ ਅਰੋੜਾ ਅਨੁਸਾਰ ਇਹ ਪੂਰਾ ਪ੍ਰਾਜੈਕਟ ‘ਪਰਫਾਰਮੈਂਸ-ਬੇਸਡ’ (ਨਤੀਜਾ ਆਧਾਰਿਤ) ਮਾਡਲ ‘ਤੇ ਚੱਲੇਗਾ। ਸ਼ਰਤਾਂ ਅਨੁਸਾਰ ਠੇਕਾ ਲੈਣ ਵਾਲੀ ਕੰਪਨੀ ਨੂੰ ਪਹਿਲਾਂ ਸਾਈਟ ‘ਤੇ ਨਤੀਜੇ ਦਿਖਾਉਣੇ ਪੈਣਗੇ ਅਤੇ ਪਾਣੀ ਦੀ ਗੁਣਵੱਤਾ ਨਿਰਧਾਰਿਤ ਮਾਪਦੰਡਾਂ ‘ਤੇ ਖ਼ਰੀ ਉਤਰਨ ਤੋਂ ਬਾਅਦ ਹੀ ਫੰਡ ਜਾਰੀ ਕੀਤੇ ਜਾਣਗੇ। ਸਥਾਨਕ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਸੈਂਕੜੇ ਪਰਿਵਾਰਾਂ ਦੀ ਛੱਤ ਸੁਰੱਖਿਅਤ ਹੋ ਗਈ ਹੈ।

