ਕਦੇ ਕਰਨਾਟਕ ਦਾ ‘ਜੈਸਲਮੇਰ’ ਕਹੇ ਜਾਣ ਵਾਲੇ ਖੁਸ਼ਕ ਜ਼ਿਲ੍ਹੇ ਵਿਜੇਪੁਰਾ ਨੇ ਅੱਜ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਜੇ ਇਰਾਦਾ ਪੱਕਾ ਹੋਵੇ ਤਾਂ ਕੁਦਰਤ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਪਿਛਲੇ 9 ਸਾਲਾਂ ਵਿੱਚ ਇੱਥੇ 1.5 ਕਰੋੜ ਤੋਂ ਵੱਧ ਰੁੱਖ ਲਗਾ ਕੇ ਇੱਕ ਅਜਿਹਾ ਚਮਤਕਾਰ ਕੀਤਾ ਗਿਆ ਹੈ, ਜਿਸ ਨੇ ਨਾ ਸਿਰਫ ਇੱਥੋਂ ਦਾ ਤਾਪਮਾਨ ਘਟਾਇਆ ਹੈ, ਸਗੋਂ ਹਵਾ ਨੂੰ ਵੀ ਸਾਹ ਲੈਣ ਯੋਗ ਬਣਾ ਦਿੱਤਾ ਹੈ।
ਇੱਕ ਅਸੰਭਵ ਸ਼ੁਰੂਆਤ
ਸਾਲ 2016 ਵਿੱਚ ਵਿਜੇਪੁਰਾ ਦਾ ਜੰਗਲਾਤ ਖੇਤਰ ਘਟ ਕੇ ਸਿਰਫ਼ 0.17% ਰਹਿ ਗਿਆ ਸੀ। ਪਾਣੀ ਦੀ ਭਾਰੀ ਕਿੱਲਤ ਅਤੇ ਬੰਜਰ ਜ਼ਮੀਨ ਕਾਰਨ ਇਸ ਨੂੰ ਰਾਜ ਦਾ ਸਭ ਤੋਂ ਸੋਕਾ ਪ੍ਰਭਾਵਿਤ ਇਲਾਕਾ ਮੰਨਿਆ ਜਾਂਦਾ ਸੀ। ਪਰ ਫਿਰ ਸ਼ੁਰੂ ਹੋਈ ‘ਕੋਟੀ ਵ੍ਰਿਕਸ਼ ਮੁਹਿੰਮ’ (Million Trees Movement), ਜਿਸ ਨੇ ਪੂਰੇ ਜ਼ਿਲ੍ਹੇ ਦੀ ਤਸਵੀਰ ਬਦਲ ਦਿੱਤੀ।
ਕਿਵੇਂ ਮਿਲੀ ਸਫਲਤਾ? (ਮੁੱਖ ਨੁਕਤੇ)
ਇਹ ਸਿਰਫ਼ ਸਰਕਾਰੀ ਮੁਹਿੰਮ ਨਹੀਂ ਸੀ, ਸਗੋਂ ਇੱਕ ਜਨ-ਅੰਦੋਲਨ ਸੀ। ਸਰਕਾਰੀ ਤੇ ਨਿੱਜੀ ਸਹਿਯੋਗ ਵਿੱਚ 50 ਤੋਂ ਵੱਧ NGO, ਵਿਦਿਅਕ ਸੰਸਥਾਵਾਂ, ਪੰਚਾਇਤਾਂ ਅਤੇ ਆਮ ਲੋਕਾਂ ਨੇ ਮਿਲ ਕੇ 200 ਕਰੋੜ ਰੁਪਏ ਜੁਟਾਏ। ਵਿਗਿਆਨਕ ਤਰੀਕੇ ਦੀ ਵਰਤੋ ਕਰਦੇ ਹੋਏ ਪੌਦਿਆਂ ਨੂੰ 25 ਤੋਂ 80 ਕਿਲੋ ਦੇ ਵੱਡੇ ਬੈਗਾਂ ਵਿੱਚ 1-3 ਸਾਲ ਤੱਕ ਨਰਸਰੀ ਵਿੱਚ ਰੱਖਿਆ ਗਿਆ ਤਾਂ ਜੋ ਉਹ ਬਾਹਰ ਲਗਾਉਣ ਤੋਂ ਬਾਅਦ ਮਰਨ ਨਾ। ਇਸ ਕਾਰਨ ਪੌਦਿਆਂ ਦੇ ਬਚਣ ਦੀ ਦਰ 95-98% ਰਹੀ। ਦੇਸੀ ਕਿਸਮਾਂ ਨੂੰ ਪਹਿਲ ਦਿੰਦੇ ਹੋਏ ਨਿੰਮ, ਬੋਹੜ, ਪਿੱਪਲ, ਜਾਮਣ, ਚੰਦਨ ਅਤੇ ਬਾਂਸ ਵਰਗੇ 200 ਤੋਂ ਵੱਧ ਦੇਸੀ ਰੁੱਖ ਲਗਾਏ ਗਏ।
ਕੁਦਰਤੀ ਬਦਲਾਅ ਦੇ ਸੁਖਦ ਨਤੀਜੇ
ਇਸ ਹਰਿਆਵਲ ਦਾ ਅਸਰ ਹੁਣ ਸਾਫ਼ ਦਿਖਾਈ ਦੇ ਰਿਹਾ ਹੈ। ਤਾਪਮਾਨ ਵਿੱਚ ਗਿਰਾਵਟ ਆਈ ਹੈ। ਇਲਾਕੇ ਦਾ ਤਾਪਮਾਨ 2 ਤੋਂ 3 ਡਿਗਰੀ ਤੱਕ ਘੱਟ ਗਿਆ ਹੈ। ਜੀਵ-ਜੰਤੂਆਂ ਦੀ ਵਾਪਸੀ ਹੋਣ ਲੱਗੀ ਹੈ। ਅੱਜ ਇਸ ਖੇਤਰ ਵਿੱਚ ਪੰਛੀਆਂ ਦੀਆਂ 180 ਪ੍ਰਜਾਤੀਆਂ, ਦੁਰਲੱਭ ਸੱਪ, ਲੂੰਬੜੀ ਅਤੇ ਖਰਗੋਸ਼ ਵਰਗੇ ਜੰਗਲੀ ਜੀਵ ਆਮ ਦੇਖਣ ਨੂੰ ਮਿਲਦੇ ਹਨ। ਵੱਡੀ ਗਿਣਤੀ ਵਿੱਚ ਰੁੱਖ ਲੱਗਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧਿਆ ਹੈ।
ਲੋਕਾਂ ਦੀ ਸੋਚ ਵਿੱਚ ਤਬਦੀਲੀ
ਅੱਜ ਵਿਜੇਪੁਰਾ ਦੇ ਲੋਕ ਇੰਨੇ ਜਾਗਰੂਕ ਹੋ ਚੁੱਕੇ ਹਨ ਕਿ ਜੇਕਰ ਘਰ ਵਿੱਚ ਥੋੜ੍ਹੀ ਜਿਹੀ ਵੀ ਜਗ੍ਹਾ ਖਾਲੀ ਹੁੰਦੀ ਹੈ, ਤਾਂ ਉਹ ਉੱਥੇ ਪੌਦਾ ਜ਼ਰੂਰ ਲਗਾਉਂਦੇ ਹਨ। ਭਾਵੇਂ ਕਾਨੂੰਨੀ ਤੌਰ ‘ਤੇ ਰੁੱਖ ਕੱਟਣ ਲਈ ਜੰਗਲਾਤ ਵਿਭਾਗ ਦੀ ਇਜਾਜ਼ਤ ਦੀ ਲੋੜ ਨਹੀਂ ਹੈ, ਫਿਰ ਵੀ ਜੇ ਕੋਈ ਰੁੱਖ ਕੱਟਦਾ ਹੈ, ਤਾਂ ਲੋਕ ਤੁਰੰਤ ਹੈਲਪਲਾਈਨ ‘ਤੇ ਫੋਨ ਕਰਕੇ ਆਪਣਾ ਵਿਰੋਧ ਦਰਜ ਕਰਵਾਉਂਦੇ ਹਨ।
ਵਿਜੇਪੁਰਾ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਕਾਸ ਅਤੇ ਵਾਤਾਵਰਣ ਵਿੱਚ ਸੰਤੁਲਨ ਬਣਾਉਣਾ ਸੰਭਵ ਹੈ। ਮਹਾਰਾਸ਼ਟਰ ਸਰਕਾਰ ਨੇ ਵੀ ਇਸ ਤੋਂ ਪ੍ਰੇਰਿਤ ਹੋ ਕੇ 300 ਕਰੋੜ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਹੈ। ਹੁਣ ਵਿਜੇਪੁਰਾ ਦਾ ਅਗਲਾ ਟੀਚਾ 5 ਕਰੋੜ ਹੋਰ ਰੁੱਖ ਲਗਾਉਣਾ ਹੈ।

