ਬਾਜਰਾ ਸਾਡੇ ਦੇਸ਼ ਦੀ ਇੱਕ ਮਹੱਤਵਪੂਰਨ ਅਨਾਜ ਫ਼ਸਲ ਹੈ। ਸਹੀ ਤਰੀਕੇ ਨਾਲ ਖੇਤੀ ਕਰਕੇ ਇਸ ਤੋਂ ਵਧੀਆ ਝਾੜ ਲਿਆ ਜਾ ਸਕਦਾ ਹੈ। ਫ਼ਸਲ ਦੀ ਸਫਲਤਾ ਲਈ ਇਸ ਦੀਆਂ ਮੁੱਖ ਲੋੜਾਂ, ਕਿਸਮਾਂ ਅਤੇ ਕਾਸ਼ਤ ਦੇ ਢੰਗਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
1. ਜ਼ਮੀਨ ਅਤੇ ਜਲਵਾਯੂ
ਜ਼ਮੀਨ: ਚੰਗੇ ਜਲ ਨਿਕਾਸ ਤੇ ਭਲ ਵਾਲੀ ਜ਼ਮੀਨ ਬਾਜਰੇ ਦੀ ਕਾਸ਼ਤ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ।
ਜਲਵਾਯੂ: ਇਹ ਛੇਤੀ ਵਧਣ ਵਾਲੀ ਗਰਮ ਰੁੱਤ ਦੀ ਫ਼ਸਲ ਹੈ। ਇਹ ਉਨ੍ਹਾਂ ਇਲਾਕਿਆਂ ਲਈ ਬਹੁਤ ਢੁਕਵੀਂ ਹੈ ਜਿੱਥੇ 40 ਤੋਂ 65 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਹੈ। ਵਧੇਰੇ ਵਰਖਾ ਵਾਲੀਆਂ ਥਾਵਾਂ ‘ਤੇ ਇਹ ਚੰਗੀ ਨਹੀਂ ਹੁੰਦੀ।
ਵਰਖਾ ਦੀ ਲੋੜ: ਫ਼ਸਲ ਦੇ ਵਾਧੇ ਸਮੇਂ ਚੋਖੀ ਵਰਖਾ ਦੀ ਲੋੜ ਹੁੰਦੀ ਹੈ, ਪਰ ਸਿੱਟੇ ਨਿਕਲਣ ਸਮੇਂ ਵਰਖਾ ਨੁਕਸਾਨਦੇਹ ਹੁੰਦੀ ਹੈ ਕਿਉਂਕਿ ਇਸ ਨਾਲ ਪਰਾਗਾ ਕਣ ਧੋਤੇ ਜਾਂਦੇ ਹਨ ਅਤੇ ਦਾਣੇ ਘੱਟ ਪੈਂਦੇ ਹਨ।
2. ਫ਼ਸਲ ਚੱਕਰ
ਬਾਜਰੇ ਨੂੰ ਹੇਠ ਲਿਖੇ ਫ਼ਸਲ ਚੱਕਰਾਂ ਅਨੁਸਾਰ ਬੀਜਿਆ ਜਾ ਸਕਦਾ ਹੈ:
ਬਾਜਰਾ-ਕਣਕ, ਬਾਜਰਾ-ਛੋਲੇ, ਬਾਜਰਾ-ਰਾਇਆ/ਗੋਭੀ ਸਰ੍ਹੋਂ/ਤੇਲ ਬੀਜ, ਬਾਜਰਾ-ਜੌਂ
3. ਉੱਨਤ ਕਿਸਮਾਂ
ਪੀ ਸੀ ਬੀ 167 (2024): ਇਹ ਦਰਮਿਆਨੇ ਕੱਦ ਤੇ ਜ਼ਿਆਦਾ ਪੱਤ੍ਹਿਆਂ ਵਾਲੀ ਦਾਣਿਆਂ ਵਾਲੀ ਕੰਪੋਜ਼ਿਟ ਕਿਸਮ ਹੈ। ਬੂਟਿਆਂ ਦੀ ਉਚਾਈ ਤਕਰੀਬਨ 198 ਸੈਂਟੀਮੀਟਰ ਹੁੰਦੀ ਹੈ। ਬਿਜਾਈ ਤੋਂ 50 ਦਿਨ ਬਾਅਦ 50 ਪ੍ਰਤੀਸ਼ਤ ਸਿੱਟਿਆਂ ‘ਤੇ ਆਉਂਦੀ ਹੈ ਅਤੇ ਲਗਭਗ 90 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਸਿੱਟੇ 30.5 ਸੈਂਟੀਮੀਟਰ ਲੰਬੇ ਅਤੇ 3.7 ਸੈਂਟੀਮੀਟਰ ਮੋਟੇ ਹੁੰਦੇ ਹਨ। ਦਾਣੇ ਦਰਮਿਆਨੇ ਮੋਟੇ, ਹਲਕੇ ਰੰਗ ਦੇ ਅਤੇ ਪੌਸ਼ਟਿਕ ਤੱਤਾਂ (ਕੱਚੀ ਪ੍ਰੋਟੀਨ, ਕੱਚਾ ਫਾਈਬਰ, ਰਜਿਸਟੈਂਟ ਸਟਾਰਚ, ਆਇਰਨ ਅਤੇ ਜ਼ਿੰਕ) ਨਾਲ ਭਰਪੂਰ ਹੁੰਦੇ ਹਨ। ਇਹ ਖਿੱਲਾਂ ਬਣਾਉਣ ਲਈ ਢੁਕਵੀਂ ਹੈ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦਾ ਝਾੜ ਤਕਰੀਬਨ 15.6 ਕੁਇੰਟਲ ਪ੍ਰਤੀ ਏਕੜ ਹੈ।
ਪੀ ਸੀ ਬੀ 166 (2022): ਇਹ ਉੱਚੇ ਕੱਦ ਤੇ ਜ਼ਿਆਦਾ ਪੱਤ੍ਹਿਆਂ ਵਾਲੀ ਕੰਪੋਜ਼ਿਟ ਕਿਸਮ ਹੈ। ਬੂਟਿਆਂ ਦੀ ਉਚਾਈ ਤਕਰੀਬਨ 281 ਸੈਂਟੀਮੀਟਰ ਅਤੇ ਪੱਤੇ ਲੰਬੇ ਤੇ ਚੌੜੇ ਹੁੰਦੇ ਹਨ। ਇਹ 89 ਦਿਨਾਂ ਬਾਅਦ 50 ਪ੍ਰਤੀਸ਼ਤ ਸਿੱਟਿਆਂ ‘ਤੇ ਆਉਂਦੀ ਹੈ ਅਤੇ 124 ਦਿਨਾਂ ਵਿੱਚ ਪੱਕਦੀ ਹੈ। ਸਿੱਟੇ ਲੰਬੇ (63.8 ਸੈਂਟੀਮੀਟਰ) ਅਤੇ ਦਾਣੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਸਾਰੇ ਰੋਗਾਂ ਦਾ ਟਾਕਰਾ ਕਰ ਸਕਦੀ ਹੈ। ਝਾੜ ਤਕਰੀਬਨ 16.3 ਕੁਇੰਟਲ ਪ੍ਰਤੀ ਏਕੜ ਹੈ।
ਪੀ ਸੀ ਬੀ 165 (2020): ਇਹ ਜਲਦੀ ਵਧਣ ਵਾਲੀ, ਉੱਚੇ ਕੱਦ (ਤਕਰੀਬਨ 252 ਸੈਂਟੀਮੀਟਰ) ਵਾਲੀ ਕੰਪੋਜ਼ਿਟ ਕਿਸਮ ਹੈ। ਇਹ ਬਿਜਾਈ ਤੋਂ 73 ਦਿਨ ਬਾਅਦ 50 ਪ੍ਰਤੀਸ਼ਤ ਸਿੱਟਿਆਂ ‘ਤੇ ਆਉਂਦੀ ਹੈ। ਸਿੱਟੇ 31.3 ਸੈਂਟੀਮੀਟਰ ਲੰਬੇ ਅਤੇ 11.5 ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਦਾਣੇ ਨਰਮ, ਸਲੇਟੀ ਰੰਗ ਦੇ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਰੋਗਾਂ ਨੂੰ ਸਹਾਰਨ ਦੀ ਸਮਰੱਥਾ ਰੱਖਦੀ ਹੈ। ਔਸਤਨ ਝਾੜ 12.8 ਕੁਇੰਟਲ ਪ੍ਰਤੀ ਏਕੜ ਹੈ।
ਪੀ ਐਚ ਬੀ 2884 (2015): ਇਹ ਦੋਗਲੀ ਕਿਸਮ ਹੈ ਜਿਸ ਦੇ ਪੌਦੇ 230 ਸੈਂਟੀਮੀਟਰ ਉੱਚੇ ਹੁੰਦੇ ਹਨ। ਸਿੱਟੇ 28 ਸੈਂਟੀਮੀਟਰ ਲੰਬੇ ਅਤੇ 12 ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਦਾਣੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਬਿਮਾਰੀਆਂ ਨੂੰ ਸਹਾਰਨ ਦੀ ਸਮਰੱਥਾ ਰੱਖਦੀ ਹੈ ਅਤੇ 88 ਦਿਨਾਂ ਵਿੱਚ ਪੱਕ ਕੇ 13.2 ਕੁਇੰਟਲ ਪ੍ਰਤੀ ਏਕੜ ਦਾ ਔਸਤ ਝਾੜ ਦਿੰਦੀ ਹੈ।
ਪੀ ਸੀ ਬੀ 164 (2003): ਇਸ ਕਿਸਮ ਦੇ ਟਾਂਡੇ ਦਰਮਿਆਨੇ ਮੋਟੇ ਹੁੰਦੇ ਹਨ। ਪੌਦਿਆਂ ਦੀ ਔਸਤ ਉਚਾਈ 207 ਸੈਂਟੀਮੀਟਰ ਹੁੰਦੀ ਹੈ। ਸਿੱਟੇ 27 ਤੋਂ 28 ਸੈਂਟੀਮੀਟਰ ਲੰਬੇ ਅਤੇ 8 ਤੋਂ 10 ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਦਾਣੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਹਰੇ ਸਿੱਟੇ ਦੇ ਰੋਗ ਦਾ ਟਾਕਰਾ ਕਰਨ ਦੀ ਕਾਫ਼ੀ ਸਮਰੱਥਾ ਰੱਖਦੀ ਹੈ। ਇਹ 80 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਝਾੜ ਤਕਰੀਬਨ 15 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
4. ਕਾਸ਼ਤ ਦੇ ਢੰਗ
ੳ) ਖੇਤ ਦੀ ਤਿਆਰੀ: ਚੰਗੀ ਤਰ੍ਹਾਂ ਤਿਆਰ ਅਤੇ ਚੰਗੇ ਵੱਤਰ ਵਾਲੇ ਖੇਤ ਵਿੱਚ ਬੀਜ ਚੰਗਾ ਜੰਮਦਾ ਹੈ। ਖੇਤ ਨੂੰ ਦੋ-ਤਿੰਨ ਵਾਰੀ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ।
ਅ) ਬਿਜਾਈ ਦਾ ਸਮਾਂ: ਘੱਟ ਵਰਖਾ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਸ਼ੁਰੂ ਵਿੱਚ ਕਰ ਲੈਣੀ ਚਾਹੀਦੀ ਹੈ।
ਬਹੁਤੀ ਵਰਖਾ ਵਾਲੇ ਇਲਾਕਿਆਂ ਵਿੱਚ ਬਿਜਾਈ ਜੁਲਾਈ ਦੇ ਆਖਰੀ ਹਫ਼ਤੇ ਤੱਕ ਪਿਛੇਤੀ ਕਰਨੀ ਚਾਹੀਦੀ ਹੈ, ਕਿਉਂਕਿ ਸਿੱਟੇ ਨਿਕਲਣ ਸਮੇਂ ਵਰਖਾ ਫ਼ਸਲ ਦੇ ਪ੍ਰਾਗਣ ਵਿੱਚ ਰੁਕਾਵਟ ਪੈਦਾ ਕਰਦੀ ਹੈ।
ੲ) ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ:
ਬੀਜ ਦੀ ਮਾਤਰਾ: ਇੱਕ ਏਕੜ ਲਈ 1.5 ਕਿਲੋ ਬੀਜ ਵਰਤੋ। ਜੇਕਰ ਖੇਤ ਚੰਗੀ ਤਰ੍ਹਾਂ ਤਿਆਰ ਹੋਵੇ ਤਾਂ ਬੀਜ ਦੀ ਮਾਤਰਾ ਘਟਾ ਕੇ 1.0 ਕਿਲੋ ਤੱਕ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਢੰਗ: ਬਿਜਾਈ ਲਾਈਨਾਂ ਵਿੱਚ 50 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ ਕਰੋ ਅਤੇ ਬੀਜ ਨੂੰ 2.5 ਸੈਂਟੀਮੀਟਰ ਡੂੰਘਾ ਪਾਓ। ਜ਼ਮੀਨ ਵਿੱਚ ਕਾਫ਼ੀ ਵੱਤਰ ਹੋਣਾ ਚਾਹੀਦਾ ਹੈ ਤਾਂ ਜੋ ਬੀਜ ਛੇਤੀ ਜੰਮ ਸਕੇ।
ਬੂਟੇ ਵਿਰਲੇ ਕਰਨਾ: ਬਿਜਾਈ ਤੋਂ 3 ਹਫ਼ਤਿਆਂ ਪਿੱਛੋਂ ਬੂਟੇ ਵਿਰਲੇ ਕਰ ਦਿਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਰੱਖੋ। ਜੇਕਰ ਕਿਧਰੇ ਫ਼ਸਲ ਵਿਰਲੀ ਹੋਵੇ ਤਾਂ ਪੁੱਟੇ ਹੋਏ ਬੂਟੇ ਉੱਥੇ ਲਾ ਦਿਓ।
ਸ) ਨਦੀਨਾਂ ਦੀ ਰੋਕਥਾਮ:
ਨਦੀਨਾਂ ਦੇ ਖਾਤਮੇ ਲਈ ਪਹੀਏ ਵਾਲੀ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਬਿਜਾਈ ਤੋਂ 3-5 ਹਫ਼ਤਿਆਂ ਬਾਅਦ ਇੱਕ ਗੋਡੀ ਕਰਨੀ ਚਾਹੀਦੀ ਹੈ।

