ਨਵੀਂ ਦਿੱਲੀ: ਭਾਰਤ ਵਿੱਚ ਖੇਤੀਬਾੜੀ ਲਈ ਵਰਤੀ ਜਾਣ ਵਾਲੀਆਂ ਮੁੱਖ ਰਸਾਇਣਕ ਖਾਦਾਂ ਦੀ ਮੰਗ ਵਿੱਚ ਹੈਰਾਨੀਜਨਕ ਵਾਧਾ ਹੋਇਆਿ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਵਿੱਤੀ ਸਾਲ 2025-26 ਦੌਰਾਨ ਯੂਰੀਆ ਦੀ ਦਰਾਮਦ ਵਿੱਚ 83 ਫੀਸਦੀ ਅਤੇ ਡੀਏਪੀ ਦੀ ਦਰਾਮਦ ਵਿੱਚ 36 ਫੀਸਦੀ ਦਾ ਵਾਧਾ ਹੋਇਆ ਹੈ।
ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਦਿੰਦਿਆਂ ਰਸਾਇਣ ਅਤੇ ਖਾਦ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ ਮੁੱਖ ਖਾਦਾਂ ਦੇ ਉਤਪਾਦਨ ਅਤੇ ਦਰਾਮਦ ਦੇ ਅੰਕੜੇ ਸਾਂਝੇ ਕੀਤੇ। ਅੰਕੜਿਆਂ ਮੁਤਾਬਕ, ਵਿੱਤੀ ਸਾਲ 2025-26 ਵਿੱਚ ਯੂਰੀਆ ਦੀ ਦਰਾਮਦ 103.50 ਲੱਖ ਟਨ ਤੱਕ ਪਹੁੰਚ ਗਈ, ਜੋ ਕਿ 2024-25 ਦੇ 56.47 ਲੱਖ ਟਨ ਦੇ ਮੁਕਾਬਲੇ 83 ਫੀਸਦੀ ਵੱਧ ਹੈ।
ਪਿਛਲੇ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ:
2020-21: 91.36 ਲੱਖ ਟਨ
2022-23: 75.80 ਲੱਖ ਟਨ
2023-24: 70.42 ਲੱਖ ਟਨ
ਇਸੇ ਤਰ੍ਹਾਂ, ਡੀਏਪੀ (ਡਾਈ-ਐਮੋਨੀਅਮ ਫਾਸਫੇਟ) ਦੀ ਦਰਾਮਦ ਵੀ 45.69 ਲੱਖ ਟਨ ਤੋਂ ਵਧ ਕੇ 61.94 ਲੱਖ ਟਨ ਹੋ ਗਈ। ਇਹ ਲਗਭਗ 36 ਫੀਸਦੀ ਦਾ ਵਾਧਾ ਦਰਸਾਉਂਦੀ ਹੈ।
ਡੀਏਪੀ ਦੀ ਪਿਛਲੇ ਸਾਲਾਂ ਦੀ ਦਰਾਮਦ:
2020-21: 54.62 ਲੱਖ ਟਨ
2021-22: 65.83 ਲੱਖ ਟਨ
2022-23: 55.67 ਲੱਖ ਟਨ
ਯੂਰੀਆ ਉਤਪਾਦਨ ਵਿੱਚ ਕਮੀ, ਡੀਏਪੀ ਉਤਪਾਦਨ ਵਿੱਚ ਵਾਧਾ
ਸਰਕਾਰੀ ਅੰਕੜਿਆਂ ਅਨੁਸਾਰ, 2025-26 ਦੌਰਾਨ ਦੇਸ਼ ਵਿੱਚ ਯੂਰੀਆ ਦਾ ਉਤਪਾਦਨ 306.67 ਲੱਖ ਟਨ ਤੋਂ ਘਟ ਕੇ 293.26 ਲੱਖ ਟਨ ਰਹਿ ਗਿਆ। ਦੂਜੇ ਪਾਸੇ, ਡੀਏਪੀ ਦਾ ਉਤਪਾਦਨ 37.72 ਲੱਖ ਟਨ ਤੋਂ ਵਧ ਕੇ 39.14 ਲੱਖ ਟਨ ਹੋ ਗਿਆ। ਇਸ ਵਿੱਤੀ ਸਾਲ ਦੌਰਾਨ ਭਾਰਤ ਦਾ ਕੁੱਲ ਖਾਦ ਉਤਪਾਦਨ 517.49 ਲੱਖ ਟਨ ਰਿਹਾ।
ਮੰਗ ਪੂਰੀ ਕਰਨ ਲਈ ਦਰਾਮਦ ‘ਤੇ ਨਿਰਭਰਤਾ
ਖੇਤੀਬਾੜੀ ਵਿੱਚ ਯੂਰੀਆ ਅਤੇ ਡੀਏਪੀ ਦੀ ਵਧਦੀ ਖਪਤ, ਘਰੇਲੂ ਉਤਪਾਦਨ ਵਿੱਚ ਆਈ ਕਮੀ ਅਤੇ ਕਿਸਾਨਾਂ ਨੂੰ ਸਮੇਂ ਸਿਰ ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਰਕਾਰ ਨੇ ਦਰਾਮਦ ਨੂੰ ਵਧਾਇਆ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘਰੇਲੂ ਉਤਪਾਦਨ ਸਮਰੱਥਾ ਵਧਾਉਣ ਅਤੇ ਖਾਦਾਂ ਦੀ ਕੁਸ਼ਲ ਵਰਤੋਂ ਨੂੰ ਉਤਸ਼ਾਹਿਤ ਕਰਨ ‘ਤੇ ਵੀ ਜ਼ੋਰ ਦੇਣਾ ਲਾਜ਼ਮੀ ਹੋਵੇਗਾ।

