ਭਾਰਤ ਵਿੱਚ ਖਾਣ ਵਾਲ਼ੀ ਜਵੀ (Food Grade Oats) ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਦੇਸ਼ ਅਜੇ ਵੀ ਵੱਡੇ ਪੱਧਰ ‘ਤੇ ਵਿਦੇਸ਼ੀ ਆਯਾਤ ‘ਤੇ ਨਿਰਭਰ ਹੈ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਹਰ ਸਾਲ ਸਵਾ ਕਰੋੜ ਤੋਂ ਪੌਣੇ ਦੋ ਕਰੋੜ ਕੁਇੰਟਲ ਖਾਣ ਵਾਲ਼ੀ ਜਵੀ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਵਿੱਚੋਂ ਲਗਭਗ 85 ਫ਼ੀਸਦੀ ਹਿੱਸਾ ਇਕੱਲੇ ਆਸਟ੍ਰੇਲੀਆ ਤੋਂ ਆਉਂਦਾ ਹੈ। ਦੂਜੇ ਪਾਸੇ, ਘਰੇਲੂ ਪੱਧਰ ‘ਤੇ ਜਵੀ ਦੀ ਕਾਸ਼ਤ ਮੁੱਖ ਤੌਰ ‘ਤੇ ਸਿਰਫ਼ ਪਸ਼ੂਆਂ ਦੇ ਚਾਰੇ ਤੱਕ ਹੀ ਸੀਮਤ ਰਹੀ ਹੈ। ਇਕੱਲੇ ਪੰਜਾਬ ਵਿੱਚ ਹੀ 1 ਲੱਖ ਹੈਕਟੇਅਰ ਤੋਂ ਵੱਧ ਰਕਬਾ ਚਾਰੇ ਵਾਲ਼ੀ ਜਵੀ ਹੇਠ ਆਉਂਦਾ ਹੈ। ਇਸ ਵੱਡੇ ਪਾੜੇ ਨੂੰ ਪੂਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਨੇ ਇੱਕ ਕ੍ਰਾਂਤੀਕਾਰੀ ਦੋਹਰੀ ਕਿਸਮ OL-16 ਵਿਕਸਤ ਕੀਤੀ ਹੈ।
ਮਾਹਿਰਾਂ ਅਨੁਸਾਰ OL-16 ਕਿਸਮ ਪਸ਼ੂਆਂ ਲਈ ਪੌਸ਼ਟਿਕ ਹਰਾ ਚਾਰਾ ਦੇਣ ਦੇ ਨਾਲ-ਨਾਲ ਮਨੁੱਖੀ ਖੁਰਾਕ ਵਜੋਂ ਇੱਕ ਉੱਚ ਦਰਜੇ ਦਾ ਸੁਪਰਫੂਡ ਮੁਹੱਈਆ ਕਰਵਾਉਂਦੀ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਕਾਸ਼ਤ ਪੂਰੇ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਪੀ.ਏ.ਯੂ. ਆਰਗੈਨਿਕ ਫਾਰਮਰਜ਼ ਕਲੱਬ ਵੱਲੋਂ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਦੌਰਾਨ ਯੂਨੀਵਰਸਿਟੀ ਦੇ ਉੱਘੇ ਫੋਰੇਜ ਤੇ ਬੀਜ ਵਿਗਿਆਨੀ ਡਾ. ਰਾਹੁਲ ਕਪੂਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਵੀ ਸਿਰਫ਼ ਪਸ਼ੂਆਂ ਦਾ ਚਾਰਾ ਨਹੀਂ, ਸਗੋਂ ਪ੍ਰੋਟੀਨ, ਫਾਈਬਰ ਅਤੇ ਬੀਟਾ-ਗਲੂਕਨ (Beta-Glucan) ਨਾਲ ਭਰਪੂਰ ਇੱਕ ਸ਼ਕਤੀਸ਼ਾਲੀ ਸੁਪਰਫੂਡ ਹੈ, ਜੋ ਮਨੁੱਖੀ ਦਿਲ ਦੀ ਸਿਹਤ ਅਤੇ ਪਾਚਣ ਪ੍ਰਣਾਲੀ ਲਈ ਅਤਿ ਗੁਣਕਾਰੀ ਮੰਨਿਆ ਜਾਂਦਾ ਹੈ।
ਡਾ. ਕਪੂਰ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਦੇਸੀ ਕਿਸਾਨ OL-16 ਵਰਗੀਆਂ ਉੱਨਤ ਕਿਸਮਾਂ ਅਪਣਾ ਕੇ ਫੂਡ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ (Value Addition) ਦੇ ਖੇਤਰ ਵੱਲ ਕਦਮ ਵਧਾਉਣ, ਤਾਂ ਨਾ ਸਿਰਫ਼ ਦੇਸ਼ ਦਾ ਅਰਬਾਂ ਰੁਪਏ ਦਾ ਵਿਦੇਸ਼ੀ ਮੁਦਰਾ ਭੰਡਾਰ ਬਚਾਇਆ ਜਾ ਸਕਦਾ ਹੈ, ਸਗੋਂ ਖੇਤੀ ਆਰਥਿਕਤਾ ਵਿੱਚ ਵੀ ਵੱਡਾ ਉਛਾਲ ਲਿਆਂਦਾ ਜਾ ਸਕਦਾ ਹੈ।
