ਜਾਣੋ ਕਿਵੇਂ ਸੰਗਰੂਰ ਦੇ ਨੌਜਵਾਨ ਕਿਸਾਨ ਮਨਜੀਤ ਸਿੰਘ ਨੇ ਐੱਮ.ਬੀ.ਏ ਦੀ ਪੜ੍ਹਾਈ ਅਤੇ ਵਿਗਿਆਨਕ ਤਕਨੀਕਾਂ ਨਾਲ ਮੁਰਗੀ ਪਾਲਣ ਦੇ ਧੰਦੇ ਨੂੰ ਲਾਹੇਵੰਦ ਬਣਾਇਆ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਨਾਗਰੀ ਦੇ ਨੌਜਵਾਨ ਕਿਸਾਨ ਸ. ਮਨਜੀਤ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਮੁਰਗੀ ਪਾਲਣ ਦੇ ਧੰਦੇ ਨੂੰ ਇੱਕ ਵੱਡੇ ਕਿੱਤੇ ਵਿੱਚ ਬਦਲ ਦਿੱਤਾ ਹੈ। ਮੁਰਗੀ ਪਾਲਣ ਦਾ ਕਿੱਤਾ ਉਸ ਦੇ ਪਿਤਾ ਵੱਲੋਂ ਸੰਨ 1990 ਵਿੱਚ ਸ਼ੁਰੂ ਕੀਤਾ ਗਿਆ ਸੀ। ਸਾਲ 2002 ਵਿੱਚ ਉਸ ਨੇ ਜੱਦੀ ਕੰਮ ਦਾ ਕਾਰਜ ਖੁਦ ਸੰਭਾਲ ਲਿਆ ਅਤੇ 3000 ਬਰਾਇਲਰਾਂ ਦੇ ਬੈਚ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ। ਸਾਲ 2007, 2014 ਅਤੇ 2019 ਵਿੱਚ ਉਸ ਨੇ ਆਪਣੇ ਫਾਰਮ ਦੀ ਸਮਰੱਥਾ ਨੂੰ ਕ੍ਰਮਵਾਰ 4000, 7000 ਅਤੇ 10,000 ਪੰਛੀ ਪ੍ਰਤੀ ਬੈਚ ਤੱਕ ਵਧਾਇਆ। ਸਾਲ 2016 ਵਿੱਚ ਉਸ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ 2018 ਵਿੱਚ ਐੱਮ.ਬੀ.ਏ. ਕੀਤੀ। ਇਸ ਪੜ੍ਹਾਈ ਨਾਲ ਉਸ ਨੂੰ ਵਪਾਰਕ ਨਿਯਮਾਂ, ਵਪਾਰ ਪ੍ਰਬੰਧ ਅਤੇ ਮੰਡੀਕਰਨ ਦੀ ਭਰਪੂਰ ਜਾਣਕਾਰੀ ਮਿਲੀ।

ਸਾਲ 2019 ਵਿੱਚ ਉਸ ਨੇ ਸੁਗੁਨਾ ਪੋਲਟਰੀ ਫਾਰਮਿੰਗ ਕੰਪਨੀ ਨਾਲ ਕੰਟਰੈਕਟ ਫਾਰਮਿੰਗ ਦੀ ਸ਼ੁਰੂਆਤ ਕੀਤੀ। ਜੋ ਉਸ ਲਈ ਬਹੁਤ ਲਾਭਕਾਰੀ ਸਾਬਤ ਹੋਈ ਕਿਉਂਕਿ ਇਸ ਨਾਲ ਉਸ ਨੂੰ ਮੰਡੀ ਦੇ ਉਤਾਰ-ਚੜ੍ਹਾਅ ਤੋਂ ਬਚ ਕੇ ਸਥਿਰ ਆਮਦਨ ਮਿਲਣ ਲੱਗ ਪਈ। ਸਾਲ 2025 ਵਿੱਚ ਉਸ ਨੇ ਮੁਰਗੀ ਪਾਲਣ ਦੇ ਕਿੱਤੇ ਨੂੰ 24000 ਪੰਛੀ ਪ੍ਰਤੀ ਬੈਚ ਤੱਕ ਵਧਾ ਲਿਆ। ਇਸ ਵਾਧੇ ਨੇ ਨਾ ਸਿਰਫ ਉਸ ਦੀ ਆਮਦਨ ਵਿੱਚ ਵਾਧਾ ਕੀਤਾ ਬਲਕਿ ਕਈਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ।

ਮੁਰਗੀ ਪਾਲਣ ਵਿੱਚ ਸਫਲਤਾ ਲਈ ਉਸ ਨੇ ਵਿਗਿਆਨਕ ਨੁਕਤਿਆਂ ਦੀ ਬਾਖੂਬੀ ਵਰਤੋਂ ਕੀਤੀ। ਉਸ ਨੇ ਆਪਣੇ ਫਾਰਮ ਵਿੱਚ ਹਵਾਦਾਰੀ ਦਾ ਖਾਸ ਧਿਆਨ ਰੱਖਿਆ ਤਾਂ ਜੋ ਪੰਛੀਆਂ ਨੂੰ ਤਾਜ਼ੀ ਹਵਾ ਮਿਲੇ ਅਤੇ ਉਹ ਸਿਹਤਮੰਦ ਰਹਿਣ। ਤਾਪਮਾਨ ਨੂੰ ਨਿਯੰਤਰਿਤ ਰੱਖਣ ਲਈ ਉਸ ਨੇ ਆਧੁਨਿਕ ਉਪਕਰਣਾਂ ਦੀ ਵਰਤੋਂ ਕੀਤੀ ਹੋਈ ਹੈ। ਆਟੋਮੈਟਿਕ ਫੀਡਿੰਗ ਸਿਸਟਮ ਅਤੇ ਮਾਨੀਟਰਿੰਗ ਕੈਮਰੇ ਵੀ ਲਗਾਏ ਹੋਏ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸ ਨੇ ਜੀਵ ਸੁਰੱਖਿਆ ਨੂੰ ਆਪਣੇ ਫਾਰਮ ਦੀ ਤਰਜੀਹ ਬਣਾਇਆ ਹੈ। ਉਸ ਨੇ ਫਾਰਮ ਦੇ ਅੰਦਰ ਬਾਹਰੀ ਵਿਅਕਤੀਆਂ ਦੇ ਪ੍ਰਵੇਸ਼ ਨੂੰ ਰੋਕਿਆ ਹੈ ਤਾਂ ਜੋ ਪੰਛੀਆਂ ਵਿੱਚ ਬਿਮਾਰੀਆਂ ਨਾ ਫੈਲਣ। ਇਹ ਸਾਰੇ ਵਿਗਿਆਨਕ ਉਪਾਅ ਉਸ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਤੋਂ ਮਿਲੀ ਸਿਖਲਾਈ ਨਾਲ ਸੰਭਵ ਹੋਏ। ਜਿੱਥੇ ਉਸ ਨੇ ਪੰਜ-ਰੋਜ਼ਾ ਕਿੱਤਾ ਮੁਖੀ ਸਿਖਲਾਈ ਕੋਰਸ ਦੌਰਾਨ ਵਿਗਿਆਨਕ ਗੁਰ ਸਿੱਖੇ ਅਤੇ ਉਹਨਾਂ ਨੂੰ ਅਪਣਾਇਆ।

ਮਨਜੀਤ ਸਿੰਘ ਦੀ ਸਫਲਤਾ ਸਿਰਫ ਮੁਰਗੀ ਪਾਲਣ ਤੱਕ ਹੀ ਸੀਮਿਤ ਨਹੀਂ ਹੈ। ਉਹ 14 ਏਕੜ ਜ਼ਮੀਨ ਉੱਤੇ ਖੇਤੀ ਵੀ ਕਰਦਾ ਹੈ। ਜਿੱਥੇ ਉਹ ਝੋਨਾ, ਕਣਕ, ਆਲੂ ਅਤੇ ਮੱਕੀ ਵਰਗੀਆਂ ਫਸਲਾਂ ਬੀਜਦਾ ਹੈ। ਇਸ ਤਰ੍ਹਾਂ ਉਸ ਨੇ ਵਧੇਰੇ ਆਮਦਨ ਕਮਾਉਣ ਲਈ ਆਪਣੀ ਖੇਤੀ ਨੂੰ ਏਕੀਕ੍ਰਿਤ ਕੀਤਾ ਹੋਇਆ ਹੈ।

ਮਨਜੀਤ ਸਿੰਘ ਦੀ ਕਹਾਣੀ ਉਨ੍ਹਾਂ ਅਨੇਕਾਂ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ, ਜੋ ਪਿੰਡ ਵਿੱਚ ਰਹਿ ਕੇ ਵੱਡੇ ਸੁਪਨੇ ਦੇਖਦੇ ਹਨ। ਉਸ ਨੇ ਸਾਬਿਤ ਕੀਤਾ ਹੈ ਕਿ ਸਿੱਖਿਆ, ਮਿਹਨਤ ਅਤੇ ਵਿਗਿਆਨਕ ਪਹੁੰਚ ਨਾਲ ਕਿਸੇ ਵੀ ਕਿੱਤੇ ਵਿੱਚ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ।

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *