ਗੁੰਟੂਰ: ਗੁੰਟੂਰ/ਆਂਧਰਾ ਪ੍ਰਦੇਸ਼: ਭਾਰਤੀ ਲਾਲ ਮਿਰਚ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਵੱਲੋਂ ਹਾਲ ਹੀ ਵਿੱਚ ਕੁਝ ਕੰਟੇਨਰਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ, ਭਾਰਤੀ ਮਿਰਚ ਨਿਰਯਾਤਕਾਂ (Exporters) ਵਿੱਚ ਹੜਕੰਪ ਮੱਚ ਗਿਆ ਹੈ। ‘ਚਿਲੀਜ਼ ਐਕਸਪੋਰਟਰਜ਼ ਐਸੋਸੀਏਸ਼ਨ’ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਿਰਯਾਤ (export) ਕੀਤੀ ਜਾਣ ਵਾਲੀ ਮਿਰਚ ਦੀ ਫ਼ਸਲ ਵਿੱਚ ਹਾਈ-ਰਿਸਕ (ਖ਼ਤਰਨਾਕ) ਕੀਟਨਾਸ਼ਕਾਂ ਦੀ ਵਰਤੋਂ ‘ਤੇ ਤੁਰੰਤ ਰੋਕ ਲਗਾਈ ਜਾਵੇ।
ਕੀ ਹੈ ਪੂਰਾ ਮਾਮਲਾ?
‘ਦ ਹਿੰਦੀ’ ਦੀ ਰਿਪੋਰਟ ਮੁਤਾਬਕ ਐਸੋਸੀਏਸ਼ਨ ਅਨੁਸਾਰ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਤੋਂ ਭੇਜੀਆਂ ਜਾ ਰਹੀਆਂ ਲਾਲ ਮਿਰਚਾਂ ਦੀਆਂ ਖੇਪਾਂ ਵਿੱਚ ਤੈਅ ਸੀਮਾ ਤੋਂ ਵੱਧ ਕੀਟਨਾਸ਼ਕਾਂ ਦੇ ਅੰਸ਼ (pesticide residues) ਮਿਲ ਰਹੇ ਹਨ। ਇਸ ਕਾਰਨ ਕੌਮਾਂਤਰੀ ਬਾਜ਼ਾਰਾਂ ਵਿੱਚ ਭਾਰਤੀ ਮਿਰਚਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਜਾਂ ਜਾਂਚ ਦੇ ਨਾਂ ‘ਤੇ ਲੰਬਾ ਸਮਾਂ ਰੋਕਿਆ ਜਾ ਰਿਹਾ ਹੈ। ਚੀਨ ਵੱਲੋਂ ਹਾਲ ਹੀ ਵਿੱਚ 5 ਕੰਟੇਨਰ ਵਾਪਸ ਭੇਜੇ ਗਏ ਹਨ। ਭਾਰਤੀ ਸੁੱਕੀ ਮਿਰਚ ਦੇ ਨਿਰਯਾਤਕਾਰਾਂ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਿਰਯਾਤ ਲਈ ਉਗਾਈ ਜਾਣ ਵਾਲੀ ਮਿਰਚ ਦੀ ਫਸਲ ਵਿੱਚ ਕੁਝ ਉੱਚ-ਖਤਰੇ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਤੁਰੰਤ ਬੰਦ ਜਾਂ ਸੀਮਿਤ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੀਟਨਾਸ਼ਕਾਂ ਦੇ ਬਚੇ ਹੋਏ ਅੰਸ਼ (Residues) ਦੀ ਸਮੱਸਿਆ ਜਾਰੀ ਰਹੀ ਤਾਂ ਭਾਰਤ ਲਈ ਚੀਨ ਸਮੇਤ ਕਈ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ।
ਚਿਲੀਜ਼ ਐਕਸਪੋਰਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ 15 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਖੇਤੀਬਾੜੀ ਅਤੇ ਮਾਰਕੀਟਿੰਗ ਵਿਭਾਗ ਨੂੰ ਭੇਜੇ ਆਪਣੇ ਪੱਤਰ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਤੋਂ ਭੇਜੀਆਂ ਜਾ ਰਹੀਆਂ ਸੁੱਕੀ ਮਿਰਚ ਦੀਆਂ ਖੇਪਾਂ ਨੂੰ ਕਈ ਵਾਰ ਵਿਦੇਸ਼ੀ ਬਾਜ਼ਾਰਾਂ ਵਿੱਚ ਵੱਧ ਕੀਟਨਾਸ਼ਕ ਅਵਸ਼ੇਸ਼ਾਂ ਕਾਰਨ ਰੋਕਿਆ ਜਾਂ ਰੱਦ ਕੀਤਾ ਜਾ ਰਿਹਾ ਹੈ।
ਇਹ ਕੀਟਨਾਸ਼ਕ ਬਣੇ ਚਿੰਤਾ ਦਾ ਕਾਰਨ
ਐਸੋਸੀਏਸ਼ਨ ਨੇ ਮੈਥਾਮੀਡੋਫੋਸ, ਐਸੀਫੇਟ, ਮੋਨੋਕ੍ਰੋਟੋਫੋਸ, ਪ੍ਰੋਫੇਨੋਫੋਸ, ਟ੍ਰਾਇਜ਼ੋਫੋਸ, ਇਥੀਅਨ, ਕਲੋਰਪਾਇਰੀਫੋਸ ਅਤੇ ਫਿਪਰੋਨਿਲ ਵਰਗੇ ਰਸਾਇਣਾਂ ਨੂੰ ਖਾਸ ਤੌਰ ‘ਤੇ ਚਿੰਤਾਜਨਕ ਦੱਸਿਆ ਹੈ। ਨਿਰਯਾਤ ਲਈ ਉਗਾਈ ਜਾਣ ਵਾਲੀ ਮਿਰਚ ਵਿੱਚ ਐਸੀਫੇਟ ਅਤੇ ਮੈਥਾਮੀਡੋਫੋਸ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।
ਪਿੰਡ ਪੱਧਰ ‘ਤੇ ਜਾਗਰੂਕਤਾ ਮੁਹਿੰਮ ਦੀ ਮੰਗ
ਨਿਰਯਾਤਕਾਰਾਂ ਨੇ ਗੁੰਟੂਰ, ਪਲਨਾਡੂ, ਪ੍ਰਕਾਸ਼ਮ, ਕਰਨੂਲ ਅਤੇ ਨੰਦਿਆਲ ਵਰਗੇ ਮਿਰਚ ਉਤਪਾਦਕ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ, ਫਸਲ ਕਟਾਈ ਤੋਂ ਪਹਿਲਾਂ ਰਸਾਇਣਕ ਜਾਂਚ ਅਤੇ ਕੀਟਨਾਸ਼ਕ ਵੇਚਣ ਵਾਲਿਆਂ ਦੀ ਨਿਗਰਾਨੀ ਸਖ਼ਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਉਨ੍ਹਾਂ ਨੇ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ (IPM), ਚੰਗੀਆਂ ਖੇਤੀ ਪ੍ਰਥਾਵਾਂ (GAP) ਅਤੇ ਇੰਟੀਗ੍ਰੇਟਿਡ ਕ੍ਰਾਪ ਮੈਨੇਜਮੈਂਟ (ICM) ਨੂੰ ਅਪਣਾਉਣ ‘ਤੇ ਵੀ ਜ਼ੋਰ ਦਿੱਤਾ ਹੈ, ਤਾਂ ਜੋ ਮਿਰਚ ਦੀ ਗੁਣਵੱਤਾ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਰਹੇ।
ਚੀਨ ਵੱਲੋਂ ਪੰਜ ਕੰਟੇਨਰ ਰੱਦ, ਪਰ ਵਪਾਰ ‘ਤੇ ਵੱਡਾ ਅਸਰ ਨਹੀਂ
ਹਾਲ ਹੀ ਵਿੱਚ ਚੀਨੀ ਅਧਿਕਾਰੀਆਂ ਨੇ ਭਾਰਤ ਤੋਂ ਭੇਜੇ ਗਏ ਪੰਜ ਕੰਟੇਨਰਾਂ ਵਾਲੀਆਂ ਤਿੰਨ ਖੇਪਾਂ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਗੁੰਟੂਰ ਖੇਤੀਬਾੜੀ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਰਰਾ ਅੱਪਾ ਰਾਓ ਦਾ ਕਹਿਣਾ ਹੈ ਕਿ ਕੁੱਲ ਨਿਰਯਾਤ ਦੇ ਮੁਕਾਬਲੇ ਇਹ ਗਿਣਤੀ ਬਹੁਤ ਘੱਟ ਹੈ ਅਤੇ ਇਸ ਮਾਮਲੇ ਨੂੰ ਕੁਝ ਲੋਕ ਮਿਰਚ ਦੇ ਭਾਅ ਘਟਾਉਣ ਲਈ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ।
ਉੱਥੇ ਹੀ ਮਿਰਚ ਨਿਰਯਾਤ ਨਾਲ ਜੁੜੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਲਈ ਭਾਰਤੀ ਮਿਰਚ ਦੀ ਸਾਖ਼ ਬਰਕਰਾਰ ਰੱਖਣ ਵਾਸਤੇ ਕੀਟਨਾਸ਼ਕ-ਮੁਕਤ ਖੇਤੀ ਅਤੇ ਜਾਂਚ ਲੈਬਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ।

