ਲੁਧਿਆਣਾ: ਸ਼ਹਿਰੀ ਜੀਵਨ ਵਿੱਚ ਵਧ ਰਹੀ ਘਰੇਲੂ ਬਗੀਚੀ (ਕਿਚਨ ਗਾਰਡਨਿੰਗ) ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਨਵਾਂ ਅਤੇ ਲੋਕ-ਪੱਖੀ ਬੀਜ ਡਿਲੀਵਰੀ ਸਿਸਟਮ ਵਿਕਸਤ ਕੀਤਾ ਹੈ। ਇਸ ਨਵੀਂ ਤਕਨੀਕ ਰਾਹੀਂ ਬੈਂਗਣ, ਟਮਾਟਰ ਅਤੇ ਫੁੱਲ ਗੋਭੀ ਵਰਗੀਆਂ ਛੋਟੇ ਆਕਾਰ ਵਾਲੇ ਬੀਜਾਂ ਦੀ ਬਿਜਾਈ ਹੁਣ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਜਾਵੇਗੀ। ਇਹ ਤਕਨੀਕ ਖ਼ਾਸ ਤੌਰ ‘ਤੇ ਸ਼ਹਿਰਾਂ, ਕਸਬਿਆਂ ਅਤੇ ਅਪਾਰਟਮੈਂਟਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਤਿਆਰ ਕੀਤੀ ਗਈ ਹੈ, ਜੋ ਘਰ ਦੀ ਛੱਤ, ਬਾਲਕੋਨੀ ਜਾਂ ਵਿਹੜੇ ਵਿੱਚ ਸਬਜ਼ੀਆਂ ਉਗਾਉਣ ਦੇ ਸ਼ੌਕੀਨ ਹਨ।
ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਇਸ ਨਵੀਂ ਤਕਨੀਕ ਨੂੰ ਘਰੇਲੂ ਬਗੀਚੀ ਲਈ ਇੱਕ ਮਹੱਤਵਪੂਰਨ ਕਦਮ ਦੱਸਦਿਆਂ ਕਿਹਾ ਕਿ ਇਹ ਵਿਧੀ ਨਾ ਸਿਰਫ਼ ਕਿਸਾਨਾਂ ਅਤੇ ਘਰੇਲੂ ਉਤਪਾਦਕਾਂ ਲਈ ਲਾਭਕਾਰੀ ਹੈ, ਸਗੋਂ ਸ਼ਹਿਰੀ ਪਰਿਵਾਰਾਂ ਨੂੰ ਵੀ ਸੀਮਤ ਥਾਂ ਵਿੱਚ ਤਾਜ਼ੀਆਂ, ਸੁਰੱਖਿਅਤ ਅਤੇ ਘਰ ਵਿੱਚ ਉਗਾਈਆਂ ਸਬਜ਼ੀਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਬਾਲਕੋਨੀ, ਛੱਤਾਂ ਅਤੇ ਛੋਟੇ ਵਿਹੜਿਆਂ ਦੀ ਵੀ ਬਿਹਤਰ ਵਰਤੋਂ ਹੋ ਸਕੇਗੀ।
ਘਰੇਲੂ ਬਗੀਚੀ ਨੂੰ ਮਿਲੇਗਾ ਨਵਾਂ ਉਤਸ਼ਾਹ
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਇਸ ਤਕਨਾਲੋਜੀ ਦਾ ਮੁੱਖ ਉਦੇਸ਼ ਸ਼ਹਿਰੀ ਪਰਿਵਾਰਾਂ, ਫਲੈਟਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਬਾਗਬਾਨੀ ਦੇ ਸ਼ੌਕੀਨਾਂ ਨੂੰ ਘਰੇਲੂ ਪੱਧਰ ‘ਤੇ ਸਬਜ਼ੀਆਂ ਉਗਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਛੋਟੇ ਬੀਜਾਂ ਨੂੰ ਸੰਭਾਲਣਾ ਅਤੇ ਸਹੀ ਮਾਤਰਾ ਵਿੱਚ ਬੀਜਣਾ ਬਹੁਤ ਸਾਰੇ ਲੋਕਾਂ ਲਈ ਮੁਸ਼ਕਲ ਹੁੰਦਾ ਹੈ। ਇਸ ਨਵੇਂ ਸਿਸਟਮ ਨਾਲ ਨਾ ਸਿਰਫ਼ ਬਿਜਾਈ ਦੀ ਪ੍ਰਕਿਰਿਆ ਆਸਾਨ ਬਣੇਗੀ, ਸਗੋਂ ਮਹਿੰਗੇ ਬੀਜਾਂ ਦੀ ਬਰਬਾਦੀ ਵੀ ਘੱਟ ਹੋਵੇਗੀ।
ਬੀਜ ਖੋਲ੍ਹਣ ਦੀ ਵੀ ਨਹੀਂ ਪਵੇਗੀ ਲੋੜ
ਪੀਏਯੂ ਦੇ ਨਿਰਦੇਸ਼ਕ ਬੀਜ ਡਾ. ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੱਤੀ ਕਿ ਇਸ ਤਕਨੀਕ ਅਧੀਨ ਬੀਜਾਂ ਦੀ ਥੋੜ੍ਹੀ ਮਾਤਰਾ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਬਿਜਾਈ ਪੈਕੇਟਾਂ ਵਿੱਚ ਪੈਕ ਕੀਤਾ ਜਾਂਦਾ ਹੈ। ਇਹ ਪੈਕੇਟ ਸਿੱਧੇ ਗਮਲੇ ਜਾਂ ਗ੍ਰੋਥ ਬੈਗ ਵਿੱਚ ਰੱਖ ਕੇ ਉੱਪਰੋਂ ਕੇਵਲ 1 ਤੋਂ 2 ਸੈਂਟੀਮੀਟਰ ਮਿੱਟੀ ਨਾਲ ਢੱਕ ਦਿੱਤੇ ਜਾਂਦੇ ਹਨ।
ਇਸ ਵਿਧੀ ਵਿੱਚ ਬੀਜਾਂ ਨੂੰ ਖੋਲ੍ਹਣ, ਗਿਣਣ ਜਾਂ ਵੱਖਰੇ ਤਰੀਕੇ ਨਾਲ ਸੰਭਾਲਣ ਦੀ ਲੋੜ ਨਹੀਂ ਰਹਿੰਦੀ। ਇੱਕ ਪੈਕੇਟ ਤੋਂ ਲਗਭਗ ਤਿੰਨ ਤੋਂ ਚਾਰ ਪੌਦੇ ਤਿਆਰ ਹੋ ਸਕਦੇ ਹਨ। ਜੇਕਰ ਜਗ੍ਹਾ ਹੋਵੇ ਤਾਂ ਪੌਦਿਆਂ ਨੂੰ ਇੱਕੋ ਗਮਲੇ ਵਿੱਚ ਰੱਖਿਆ ਜਾ ਸਕਦਾ ਹੈ, ਨਹੀਂ ਤਾਂ ਬਾਅਦ ਵਿੱਚ ਵੱਖ-ਵੱਖ ਗਮਲਿਆਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਕੀਟਨਾਸ਼ਕ-ਮੁਕਤ ਅਤੇ ਪੌਸ਼ਟਿਕ ਸਬਜ਼ੀਆਂ ਨੂੰ ਮਿਲੇਗਾ ਵਧਾਵਾ
ਪੀਏਯੂ ਦੀਆਂ ਵਿਗਿਆਨੀ ਡਾ. ਨਵਜੋਤ ਕੌਰ ਅਤੇ ਡਾ. ਅੰਜੂ ਬਾਲਾ ਨੇ ਕਿਹਾ ਕਿ ਇਸ ਨਵੇਂ ਬੀਜ ਡਿਲੀਵਰੀ ਸਿਸਟਮ ਨਾਲ ਲੋਕ ਆਪਣੇ ਘਰ ਵਿੱਚ ਹੀ ਤਾਜ਼ੀਆਂ, ਪੌਸ਼ਟਿਕ ਅਤੇ ਕੀਟਨਾਸ਼ਕ-ਮੁਕਤ ਸਬਜ਼ੀਆਂ ਉਗਾ ਸਕਣਗੇ। ਇਸ ਨਾਲ ਪਰਿਵਾਰਾਂ ਦੀ ਰੋਜ਼ਾਨਾ ਸਬਜ਼ੀਆਂ ਦੀ ਲੋੜ ਦਾ ਇੱਕ ਹਿੱਸਾ ਘਰ ਵਿੱਚ ਹੀ ਪੂਰਾ ਕੀਤਾ ਜਾ ਸਕੇਗਾ ਅਤੇ ਸਿਹਤਮੰਦ ਖੁਰਾਕ ਨੂੰ ਵੀ ਉਤਸ਼ਾਹ ਮਿਲੇਗਾ।
ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਯੂਨੀਵਰਸਿਟੀ ਵੱਲੋਂ ਵੱਖ-ਵੱਖ ਸਬਜ਼ੀਆਂ ਅਤੇ ਸਜਾਵਟੀ ਪੌਦਿਆਂ ਲਈ ਵੀ ਇਸ ਤਰ੍ਹਾਂ ਦੇ ਬੀਜ ਪੈਕੇਟ ਉਪਲਬਧ ਕਰਵਾਉਣ ਦੀ ਯੋਜਨਾ ਹੈ, ਤਾਂ ਜੋ ਘਰੇਲੂ ਬਗੀਚੀ ਨੂੰ ਹੋਰ ਆਸਾਨ ਅਤੇ ਲੋਕਪ੍ਰਿਯ ਬਣਾਇਆ ਜਾ ਸਕੇ।
ਸ਼ਹਿਰੀ ਖੇਤੀ ਵੱਲ ਇੱਕ ਨਵਾਂ ਕਦਮ
ਮਾਹਿਰਾਂ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਦੇ ਦੌਰ ਵਿੱਚ ਘਰੇਲੂ ਬਗੀਚੀ ਸਿਰਫ਼ ਸ਼ੌਕ ਨਹੀਂ, ਸਗੋਂ ਸਿਹਤਮੰਦ ਜੀਵਨ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਬਣਦੀ ਜਾ ਰਹੀ ਹੈ। ਪੀਏਯੂ ਦਾ ਇਹ ਨਵਾਂ ਬੀਜ ਡਿਲੀਵਰੀ ਸਿਸਟਮ ਨਾ ਕੇਵਲ ਬੀਜਾਂ ਦੀ ਬਚਤ ਕਰੇਗਾ, ਸਗੋਂ ਘੱਟ ਜਗ੍ਹਾ ਵਿੱਚ ਵੱਧ ਲੋਕਾਂ ਨੂੰ ਆਪਣੀਆਂ ਸਬਜ਼ੀਆਂ ਖੁਦ ਉਗਾਉਣ ਲਈ ਵੀ ਪ੍ਰੇਰਿਤ ਕਰੇਗਾ।

