ਮਾਤ ਭਾਸ਼ਾ ਦੇ ਹੱਕ ਵਿੱਚ ਸਾਂਝੇ ਤੌਰ ‘ਤੇ ਸੰਘਰਸ਼ ਵਿੱਢਣ ਦਾ ਹੋਕਾ
ਚੰਡੀਗੜ੍ਹ, 21 ਮਈ: ਪਿਛਲੇ ਕਈ ਦਹਾਕਿਆਂ ਤੋਂ ਮਾਤ ਭਾਸ਼ਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੇ ਸੱਦੇ ‘ਤੇ ਪੰਜਾਬ ਭਰ ਤੋਂ ਪਹੁੰਚੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਅੱਜ ਇੱਥੇ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ, ਦੀਪ ਦੇਵਿੰਦਰ ਸਿੰਘ ਅਤੇ ਡਾ. ਸ਼ਿੰਦਰਪਾਲ ਸਿੰਘ ਆਦਿ ਦੀ ਦੇਖ-ਰੇਖ ਹੇਠ ਹੋਏ ਇਸ ਰੋਸ ਮੁਜ਼ਾਹਰੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਮਾਤ ਭਾਸ਼ਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਪੰਜਾਬ ਦੀ ਧਰਤੀ ਉੱਤੇ ਕੇਂਦਰ ਦੇ ਆਰਮੀ ਸਕੂਲਾਂ ਵਿੱਚ ਪੰਜਾਬੀ ਨੂੰ ਦਰਕਿਨਾਰ ਕਰਕੇ ਸੰਸਕ੍ਰਿਤ ਨੂੰ ਪਹਿਲ ਦੇਣ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮਿਲਟਰੀ ਸਕੂਲਾਂ ਵੱਲੋਂ ਜਾਰੀ ਕੀਤੇ ਗਏ ਇਸ ਸਰਕੂਲਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪੰਜਾਬ ਰਾਜ ਭਾਸ਼ਾ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ
ਦਰਸ਼ਨ ਬੁੱਟਰ ਹੁਰਾਂ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸਵਰਾਜਬੀਰ, ਹਮੀਰ ਸਿੰਘ, ਜਗਤਾਰ ਭੁੱਲਰ, ਮੱਖਣ ਕੁਹਾੜ, ਡਾ. ਸਰਬਜੀਤ ਸਿੰਘ, ਦੀਪਕ ਸ਼ਰਮਾ ਚਰਨਾਰਥਲ, ਬਲਕਾਰ ਸਿੱਧੂ, ਵਿਧਾਇਕ ਪ੍ਰਗਟ ਸਿੰਘ ਅਤੇ ਗਿਆਨੀ ਕੇਵਲ ਸਿੰਘ ਆਦਿ ਬੁਲਾਰਿਆਂ ਨੇ ਸਾਂਝੀ ਸੁਰ ਵਿੱਚ ਗੱਲ ਕੀਤੀ। ਉਨ੍ਹਾਂ ਪੰਜਾਬ ਰਾਜ ਭਾਸ਼ਾ ਐਕਟ 2008 ਦੇ ਹਵਾਲੇ ਨਾਲ ਜ਼ੋਰ ਦੇ ਕੇ ਕਿਹਾ ਕਿ:
- ਰਾਜ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ, ਪਬਲਿਕ ਅਤੇ ਸੀ.ਬੀ.ਐੱਸ.ਈ. ਜਾਂ ਆਈ.ਸੀ.ਐੱਸ.ਈ. ਦੇ ਸਕੂਲਾਂ ਵਿੱਚ ਦਸਵੀਂ ਜਮਾਤ ਤੱਕ ਪੰਜਾਬੀ ਨੂੰ ਲਾਜ਼ਮੀ ਤੌਰ ‘ਤੇ ਪੜ੍ਹਾਇਆ ਜਾਵੇ।
- ਪੰਜਾਬੀ ਭਾਸ਼ਾ ਵਿੱਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਐਕਟ ਵਿੱਚ ਸਜ਼ਾ ਦੀ ਧਾਰਾ ਸ਼ਾਮਲ ਕੀਤੀ ਜਾਵੇ।
- ਅਦਾਲਤੀ ਕਾਰ-ਵਿਹਾਰ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇ।
- ਚੰਡੀਗੜ੍ਹ ਤੁਰੰਤ ਪੰਜਾਬ ਨੂੰ ਦਿੱਤਾ ਜਾਵੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਨੂੰ ਸੌਂਪਿਆ ਜਾਵੇ।
ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਦੇ ਰਾਜਪਾਲ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰ ਜ਼ਿੰਮੇਵਾਰ ਅਦਾਰਿਆਂ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ। ਸਮਾਗਮ ਦਾ ਮੰਚ ਸੰਚਾਲਣ ਪ੍ਰਸਿੱਧ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕੀਤਾ, ਜਦਕਿ ਅਖੀਰ ਵਿੱਚ ਧੰਨਵਾਦੀ ਸ਼ਬਦ ਯਾਤਿੰਦਰ ਕੌਰ ਮਾਹਲ ਵੱਲੋਂ ਕਹੇ ਗਏ।
ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ
ਇਸ ਰੋਸ ਧਰਨੇ ਦੌਰਾਨ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ: ਸ਼ੈਲਿੰਦਰਜੀਤ ਸਿੰਘ ਰਾਜਨ, ਸੁਰਿੰਦਰਪ੍ਰੀਤ ਘਣੀਆਂ, ਦਲਜੀਤ ਸਿੰਘ ਸਾਹੀ, ਮੂਲ ਚੰਦ ਸ਼ਰਮਾ, ਡਾ. ਪਰਮਜੀਤ ਬਾਠ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਸੁਖਦੇਵ ਸਿਰਸਾ, ਮਨਜੀਤ ਸਿੰਘ ਵਸੀ, ਗੁਰਮੀਤ ਬਾਜਵਾ, ਗੁਰਪ੍ਰੀਤ ਰੰਗੀਲਪੁਰ, ਡਾ. ਲੇਖ ਰਾਜ, ਬੂਟਾ ਰਾਮ ਆਜ਼ਾਦ, ਮੱਖਣ ਭੈਣੀਵਾਲ, ਧਰਮ ਸਿੰਘ ਧਿਆਨਪੁਰੀ, ਸੁਰਿੰਦਰ ਗਿੱਲ, ਹਰਪ੍ਰੀਤ ਵਿਰਕ, ਅਰਵਿੰਦਰ ਕਾਕੜਾ, ਪੰਮੀ ਦੇਵੇਦੀ, ਅਨਿਲ ਫਤਿਹਗੜ੍ਹ, ਸੁਰਿੰਦਰ ਖੀਵਾ, ਗੁਰਸੇਵਕ ਢਿੱਲੋਂ, ਰਮਨ ਸੰਧੂ, ਹਜ਼ਾਰਾ ਸਿੰਘ ਚੀਮਾ, ਡਾ. ਮਨਜੀਤ ਸਿੰਘ ਬੱਲ, ਅੰਗਰੇਜ਼ ਵਿਰਦੀ, ਦੇਵੀ ਦਿਆਲ ਸ਼ਰਮਾ, ਗੁਰਿੰਦਰ ਕਲਸੀ, ਗੁਰਦੇਵ ਪਾਲ ਕੌਰ, ਡਾ. ਕੁਲਦੀਪ ਪੁਰੀ, ਸੁੱਚਾ ਸਿੰਘ ਪਥਨਾਵਾਲ, ਰਾਜਵਿੰਦਰ ਕੌਰ ਅਤੇ ਸਵਰਾਜ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਮਾਤ ਭਾਸ਼ਾ ਪ੍ਰੇਮੀ ਸ਼ਾਮਲ ਸਨ।

