ਬੱਲੋਵਾਲ ਸੌਂਖੜੀ : ਕਣਕ ਦੀ ਕਿਸਮ ਪੀ ਬੀ ਡਬਲਯੂ 826 ਦੀ ਸਫਲਤਾ ਤੋਂ ਬਾਅਦ ਪੀਏਯੂ ਨੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 872 ਉਤਾਰ ਦਿੱਤੀ ਐ। ਇਸ ਕਿਸਮ ਦਾ ਵੱਧ ਝਾੜ, ਦਾਣਾ ਮੋਟਾ ਅਤੇ ਚਮਕਦਾਰ ਹੈ। ਇਹ ਨਵੀਂ ਕਿਸਮ, ਡਾਕਟਰ ਡੀ ਆਰ ਭੁੰਬਲਾ ਖੇਤੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਲਾਏ ਗਏ ਕਿਸਾਨ ਮੇਲੇ ਵਿਚ ਪਹਿਲੀ ਵਾਰ ਵਿਕਰੀ ਲਈ ਰਿਲੀਜ਼ ਕੀਤੀ। ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਅਤੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਸਮੇਂ ਵਾਈਸ ਚਾਂਸਲਰ ਨੇ ਘੁਦ ਗਰੀਨ ਮਾਈਕ ਚੈਨਲ ਆਫੀਸ਼ੀਅਲ ਨੂੰ ਇਸ ਨਵੀਂ ਸਿਫਾਰਸ਼ ਕਿਸਮ ਦੇ ਫਾਇਦੇ ਦੱਸੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਯੋਜਿਤ ਡਾ. ਡੀ.ਆਰ. ਭੁੰਬਲਾ ਖੇਤੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ 20 ਸਤੰਬਰ ਨੂੰ ਇਹ ਕਿਸਾਨ ਮੇਲਾ ਬੜੇ ਜੋਸ਼ ਤੇ ਉਤਸ਼ਾਹ ਨਾਲ ਆਯੋਜਿਤ ਹੋਇਆ, ਜਿਸ ਵਿੱਚ ਕਿਸਾਨਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ। ਕਿਸਾਨ ਮੇਲੇ ‘ਚ ਕੰਢੀ ਖੇਤਰ ਦੇ ਹਜ਼ਾਰਾਂ ਕਿਸਾਨਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੇਲੇ ਦੌਰਾਨ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਮਸ਼ੀਨਰੀ, ਕੀਟ-ਬਿਮਾਰੀ ਕੰਟਰੋਲ ਅਤੇ ਖੇਤੀ ਪ੍ਰੋਸੈਸਿੰਗ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
🎙️ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਐੱਮ ਪੀ ਮਲਵਿੰਦਰ ਸਿੰਘ ਕੰਗ ਨੇ ਖੇਤੀਬਾੜੀ ਖੇਤਰ ਵਿਚ ਨਵੀਂ ਤਕਨੀਕਾਂ ਅਤੇ ਵਿਭਿੰਨਤਾ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
🌱 ਡਾ. ਅਜਮੇਰ ਸਿੰਘ ਢੱਟ (ਨਿਰਦੇਸ਼ਕ ਖੋਜ) ਨੇ ਕੰਢੀ ਖੇਤਰ ਲਈ ਨਵੀਆਂ ਫ਼ਸਲਾਂ ਦੀਆਂ ਸਿਫ਼ਾਰਸ਼ੀ ਕਿਸਮਾਂ ਤੇ ਉਤਪਾਦਨ ਤਕਨੀਕਾਂ ਦੀ ਜਾਣਕਾਰੀ ਦਿੱਤੀ।
📢 ਡਾ. ਮੱਖਣ ਸਿੰਘ ਭੁੱਲਰ (ਨਿਰਦੇਸ਼ਕ ਪਸਾਰ ਸਿੱਖਿਆ) ਨੇ ਖੋਜ ਤੇ ਖੇਤੀ ਵਿਗਿਆਨਕ ਵਿਧੀਆਂ ਦੇ ਪ੍ਰਚਾਰ ਦੀ ਮਹੱਤਾ ਦੱਸੀ।
🎖️ ਅਗਾਂਹਵਧੂ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਅਤੇ ਸੱਭਿਆਚਾਰਕ ਕਾਰਜਕ੍ਰਮਾਂ ਨੇ ਮੇਲੇ ਨੂੰ ਹੋਰ ਰੰਗੀਨ ਬਣਾਇਆ।
ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਮੇਲੇ ਦਾ ਉਦੇਸ਼ ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਵਧਾਈਏ ਰੱਖਿਆ ਗਿਆ ਹੈ ਤਾਂ ਜੋ ਕਿਸਾਨ ਸਿਰਫ਼ ਉਤਪਾਦਨ ਹੀ ਨਹੀਂ ਸਗੋਂ ਕਾਰੋਬਾਰ ਵਲ ਵੀ ਵਧ ਸਕਣ। ਉਨ੍ਹਾਂ ਕਣਕ, ਛੋਲੇ, ਮਸਰ ਤੇ ਗੋਭੀ ਸਰ੍ਹੋਂ ਵਰਗੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ। ਹੜ੍ਹਾਂ ਕਾਰਨ ਪ੍ਰਭਾਵਿਤ ਖੇਤਰਾਂ ਲਈ ਬੀਜ ਪ੍ਰਦਾਨ ਕਰਨ ਅਤੇ ਪੀ ਏ ਯੂ ਵੱਲੋਂ ਮਿੱਟੀ ਦੀ ਜਾਂਚ ਕਰਕੇ ਉਪਜੋਗਤਾ ਨਿਰਧਾਰਤ ਕਰਨ ਦਾ ਵੀ ਭਰੋਸਾ ਦਿੱਤਾ। ਨਾਲ ਹੀ ਖੇਤੀ ਦਾ ਵਹੀ ਖਾਤਾ ਰੱਖਣ ਤੇ ਨਵੀਆਂ ਮਸ਼ੀਨਰੀਆਂ ਜਿਵੇਂ ਚਾਲਕ ਰਹਿਤ ਟਰੈਕਟਰ ਤਕਨੀਕ ਦੀ ਜਾਣਕਾਰੀ ਸਾਂਝੀ ਕੀਤੀ।
ਡਾ. ਅਜਮੇਰ ਸਿੰਘ ਢੱਟ ਨੇ ਨਵੀਆਂ ਸਿਫ਼ਾਰਸ਼ੀ ਕਿਸਮਾਂ ਪੇਸ਼ ਕੀਤੀਆਂ ਜਿਵੇਂ ਕਿ ਕਣਕ ਦੀ ਕਿਸਮ PBW 872, ਜੌਂ ਦੀ ਕਿਸਮ PL 942 ਅਤੇ ਮੂੰਗੀ ਦੀ ਕਿਸਮ SML 2575। ਉਨ੍ਹਾਂ ਉਤਪਾਦਨ ਤਕਨੀਕਾਂ ਵਿੱਚ ਘੱਟ ਯੂਰੀਆ ਵਰਤਣ, ਮਕਈ ਦੀ ਟਾਂਡਿਆਂ ਦੀ ਸੁਪਰ ਸੀਡਰ ਨਾਲ ਵਹਾਈ ਅਤੇ ਰਾਈ ਘਾਹ ਬੀਜਣ ਸਬੰਧੀ ਜਾਣਕਾਰੀ ਦਿੱਤੀ। ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਪੀ ਏ ਯੂ ਨੂੰ ਦੁਨੀਆ ਦੀਆਂ ਸਿਖਰਲੀਆਂ 100 ਯੂਨੀਵਰਸਿਟੀਆਂ ਵਿੱਚ ਦਰਜਾ ਮਿਲਿਆ ਹੈ ਜਿਸਦਾ ਸ੍ਰੇਯ ਕਿਸਾਨਾਂ ਦੇ ਸਹਿਯੋਗ ਨੂੰ ਜਾਂਦਾ ਹੈ।
ਸ਼ੁਰੂਆਤੀ ਸੈਸ਼ਨ ਵਿੱਚ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਡਾ. ਦੇਵਰਾਜ ਭੁੰਬਲਾ ਸਕਾਲਰਸ਼ਿਪ ਹੇਠ ਵਿਦਿਆਰਥੀਆਂ ਨੂੰ ਚੈਕ ਵੰਡੇ ਗਏ। ਗੁਰਦੁਆਰਾ ਸ੍ਰੀ ਗੜੀ ਸਾਹਿਬ ਦੇ ਲੰਗਰ ਸੇਵਾ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਖੋਜ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਗਿੱਧਾ, ਕਵਿਤਾ ਅਤੇ ਹੋਰ ਰੰਗ-ਰੂਪ ਪੇਸ਼ ਕੀਤੇ ਗਏ।
ਮੇਲੇ ਵਿੱਚ ਸਾਉਣੀ ਫਸਲਾਂ ਦੀ ਕਿਤਾਬ ਜਾਰੀ ਕੀਤੀ ਗਈ। ਖੇਤੀ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਪੀ ਏ ਯੂ ਦੇ ਵੱਖ-ਵੱਖ ਵਿਭਾਗਾਂ, ਕੇਂਦਰਾਂ ਅਤੇ ਨਿੱਜੀ ਕੰਪਨੀਆਂ ਵੱਲੋਂ ਸਟਾਲ ਲਗਾਏ ਗਏ ਜੋ ਖੇਤੀ ਤਕਨੀਕਾਂ ਦੇ ਪਸਾਰ ਲਈ ਆਕਰਸ਼ਣ ਦਾ ਕੇਂਦਰ ਬਣੇ।

