ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਮੌਸਮ ਸਬੰਧੀ ਅਹਮ ਚੇਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ, ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਇਸ ਤੋਂ ਬਾਅਦ ਰਾਜ ਭਰ ਵਿੱਚ ਤਾਪਮਾਨ ‘ਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ।
01, 03, 04, 05 ਅਤੇ 07 ਮਈ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ, 02 ਅਤੇ 06 ਮਈ ਨੂੰ ਵੀ ਕੁਝ ਥਾਵਾਂ ‘ਤੇ ਬਾਰਸ਼ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ, 01 ਤੋਂ 05 ਮਈ ਤੱਕ ਕੁਝ ਥਾਵਾਂ ‘ਤੇ ਗਰਜ, ਬਿਜਲੀ ਅਤੇ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਹੋ ਸਕਦੀਆਂ ਹਨ। 06 ਅਤੇ 07 ਮਈ ਨੂੰ ਵੀ ਕੁਝ ਥਾਵਾਂ ‘ਤੇ ਗਰਜ-ਮੀਂਹ ਦੇ ਨਾਲ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
01 ਅਤੇ 02 ਮਈ ਨੂੰ ਵੱਖ-ਵੱਖ ਥਾਵਾਂ ‘ਤੇ ਧੂੜ ਭਰੀ ਹਨੇਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ, ਜੋ ਲੋਕਾਂ ਲਈ ਸਾਵਧਾਨੀ ਦੀ ਲੋੜ ਬਣਾਉਂਦੀ ਹੈ।

ਜਿਲ੍ਹਾ-ਵਾਰ ਅਨੁਮਾਨ:
01 ਮਈ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਬਠਿੰਡਾ, ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼, ਤੇਜ਼ ਹਵਾਵਾਂ ਅਤੇ ਹਨੇਰੀ ਦੀ ਸੰਭਾਵਨਾ।
02 ਮਈ: ਗੁਰਦਾਸਪੁਰ, ਫ਼ਾਜ਼ਿਲਕਾ, ਮਾਨਸਾ, ਬਠਿੰਡਾ ਆਦਿ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨੇਰੀ ਅਤੇ ਗਰਜ-ਬਿਜਲੀ ਸਮੇਤ ਤੇਜ਼ ਹਵਾਵਾਂ।
03-05 ਮਈ: ਰਾਜ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਬਾਰਸ਼ ਅਤੇ ਹਵਾਈ ਗਤੀਵਿਧੀਆਂ।
06-07 ਮਈ: ਕੁਝ ਥਾਵਾਂ ‘ਤੇ ਹਲਕੀ ਬਾਰਸ਼, 30-40 ਕਿ.ਮੀ./ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ।
ਮੌਸਮ ਵਿਭਾਗ ਵੱਲੋਂ ਸਾਵਧਾਨੀ:
ਕਿਸਾਨਾਂ, ਟਰੈਵਲ ਕਰਨ ਵਾਲਿਆਂ ਅਤੇ ਆਮ ਲੋਕਾਂ ਨੂੰ ਮੌਸਮ ਦੀ ਤਾਜ਼ਾ ਜਾਣਕਾਰੀ ਲੈਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੇ ਉਨ੍ਹਾਂ ਇਲਾਕਿਆਂ ‘ਚ ਜਿਥੇ ਹਨੇਰੀ ਜਾਂ ਗਰਜ-ਬਿਜਲੀ ਦੀ ਸੰਭਾਵਨਾ ਹੈ, ਉਥੇ ਅਣਉਚਿਤ ਸਫ਼ਰ ਤੋਂ ਬਚਣ ਦੀ ਸਿਫ਼ਾਰਸ਼ ਕੀਤੀ ਹੈ।

