ਪਟਿਆਲਾ: ਪਟਿਆਲਾ ਦੇ ਪਿੰਡ ਰਣਜੀਤਗੜ੍ਹ ਦੀ 52 ਸਾਲਾ ਭਿੰਦਰ ਕੌਰ ਦੀ ਸੰਘਰਸ਼ਮਈ ਜ਼ਿੰਦਗੀ ਅੱਜ ਪੇਂਡੂ ਔਰਤਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੀ ਹੈ। ਘੱਟ ਪੜ੍ਹਾਈ ਦੇ ਬਾਵਜੂਦ ਹਿੰਮਤ, ਮਿਹਨਤ ਅਤੇ ਸਿੱਖਣ ਦੀ ਲਗਨ ਨੂੰ ਆਪਣੀ ਤਾਕਤ ਬਣਾਉਂਦਿਆਂ ਭਿੰਦਰ ਕੌਰ ਨੇ ਨਾ ਸਿਰਫ਼ ਆਪਣੇ ਪਰਿਵਾਰ ਲਈ ਆਮਦਨ ਦਾ ਸਾਧਨ ਖੜ੍ਹਾ ਕੀਤਾ, ਸਗੋਂ ਹੋਰ ਪਿੰਡਾਂ ਦੀਆਂ ਔਰਤਾਂ ਨੂੰ ਵੀ ਆਤਮ-ਨਿਰਭਰ ਬਣਨ ਦਾ ਰਾਹ ਦਿਖਾਇਆ ਹੈ।
ਪੰਜ ਬੱਚਿਆਂ ਦੀ ਮਾਂ ਭਿੰਦਰ ਕੌਰ ਨੇ ਜ਼ਿੰਦਗੀ ਦੇ ਮੁਸ਼ਕਲ ਦੌਰ ਵਿੱਚ ਘਰ ਬੈਠਿਆਂ ਹੀ ਵੱਖ-ਵੱਖ ਕੰਮ ਕਰਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਹ ਦਰੀਆਂ ਦੀਆਂ ਜਾਲੀਆਂ ਬਣਾਉਣ, ਬੋਰੀਆਂ ਤੋਂ ਥੈਲੇ ਤਿਆਰ ਕਰਨ ਅਤੇ ਸਵੈਟਰ ਬੁਣਨ ਵਰਗੇ ਕੰਮ ਕਰਦੀ ਰਹੀ। ਆਰਥਿਕ ਤੰਗੀ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਛੱਡਿਆ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਸੁਪਨਾ ਜਿਉਂਦਾ ਰੱਖਿਆ।
ਇਸੇ ਦੌਰਾਨ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਉਸ ਦੀ ਚੋਣ ਕ੍ਰਿਸ਼ੀ ਸਖੀ ਵਜੋਂ ਹੋਈ। ਘੱਟ ਪੜ੍ਹੀ-ਲਿਖੀ ਹੋਣ ਕਾਰਨ ਸ਼ੁਰੂ ਵਿੱਚ ਉਸ ਦੇ ਮਨ ਵਿੱਚ ਝਿਜਕ ਅਤੇ ਡਰ ਸੀ, ਪਰ ਕੁਝ ਹੀ ਸਮੇਂ ਵਿੱਚ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦਾ ਭਰੋਸਾ ਜਿੱਤ ਲਿਆ।
ਭਿੰਦਰ ਕੌਰ ਨੇ ਆਪਣੇ ਪਿੰਡ ਰਣਜੀਤਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਤਕਰੀਬਨ 17 ਸਵੈ-ਸਹਾਇਤਾ ਸਮੂਹ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਆਜੀਵਿਕਾ ਮਿਸ਼ਨ ਬਲਾਕ ਨਾਭਾ ਵੱਲੋਂ ਉਸ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਸਿਖਲਾਈ ਲਈ ਭੇਜਿਆ ਗਿਆ। ਇੱਥੇ ਉਸ ਨੇ ਸਾਬਣ-ਸਰਫ਼ ਤਿਆਰ ਕਰਨ ਅਤੇ ਦੁਪੱਟਿਆਂ ਤੇ ਪੱਗਾਂ ਦੀ ਰੰਗਾਈ ਸਬੰਧੀ ਹੁਨਰ ਹਾਸਲ ਕੀਤਾ।
ਸਿਖਲਾਈ ਤੋਂ ਬਾਅਦ ਭਿੰਦਰ ਕੌਰ ਨੇ ਘਰੇਲੂ ਪੱਧਰ ’ਤੇ ਵੱਖ-ਵੱਖ ਕਿਸਮਾਂ ਦੇ ਹਰਬਲ ਸਾਬਣ ਤਿਆਰ ਕਰਨੇ ਸ਼ੁਰੂ ਕੀਤੇ। ਇਸ ਦੇ ਨਾਲ ਹੀ ਦੁਪੱਟਿਆਂ ਅਤੇ ਪੱਗਾਂ ਦੀ ਰੰਗਾਈ ਦਾ ਕੰਮ ਵੀ ਸ਼ੁਰੂ ਕੀਤਾ। ਉਸ ਨੇ ਆਪਣੇ ਉਤਪਾਦਾਂ ਦੀ ਮਸ਼ਹੂਰੀ ਸੋਸ਼ਲ ਮੀਡੀਆ ਰਾਹੀਂ ਕੀਤੀ, ਜਿਸ ਦਾ ਉਸ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਉਤਪਾਦ ਹੱਥੋਂ-ਹੱਥ ਵਿਕਣ ਲੱਗੇ। ਪਟਿਆਲਾ ਤੋਂ ਇਲਾਵਾ ਉਸ ਦੇ ਉਤਪਾਦ ਲੁਧਿਆਣਾ ਵਿੱਚ ਵੀ ਵਿਕ ਰਹੇ ਹਨ।
ਕ੍ਰਿਸ਼ੀ ਸਖੀ ਵਜੋਂ ਕੰਮ ਕਰਨ ਕਰਕੇ ਭਿੰਦਰ ਕੌਰ ਦਾ ਸੰਪਰਕ ਕਰੀਬ 50 ਪਿੰਡਾਂ ਦੀਆਂ ਔਰਤਾਂ ਨਾਲ ਬਣਿਆ। ਉਸ ਨੇ ਆਪਣੀ ਸਫਲਤਾ ਨੂੰ ਸਿਰਫ਼ ਆਪਣੇ ਤੱਕ ਸੀਮਤ ਨਹੀਂ ਰੱਖਿਆ, ਬਲਕਿ ਹੋਰ ਔਰਤਾਂ ਨੂੰ ਵੀ ਹੁਨਰਮੰਦ ਬਣਾਉਣ ਦਾ ਬੀੜਾ ਚੁੱਕਿਆ। ਉਹ ਬਲਾਕ ਨਾਭਾ ਅਤੇ ਭਾਦਸੋਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਔਰਤਾਂ ਨੂੰ ਸਾਬਣ-ਸਰਫ਼ ਬਣਾਉਣ ਅਤੇ ਪੱਗਾਂ ਤੇ ਦੁਪੱਟਿਆਂ ਦੀ ਰੰਗਾਈ ਦੀ ਸਿਖਲਾਈ ਦੇ ਰਹੀ ਹੈ।
ਸਿਖਲਾਈ ਦੇਣ ਬਦਲੇ ਉਹ ਪ੍ਰਤੀ ਸਿਖਿਆਰਥੀ ਲਗਭਗ 200 ਰੁਪਏ ਪ੍ਰਤੀ ਦਿਨ ਫੀਸ ਲੈਂਦੀ ਹੈ। ਇਸ ਤਰ੍ਹਾਂ ਘਰ ਵਿੱਚ ਰਹਿ ਕੇ ਹੀ ਉਹ ਅੱਜ ਲਗਭਗ 10,000 ਤੋਂ 15,000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਇਹ ਆਮਦਨ ਉਸ ਲਈ ਸਿਰਫ਼ ਆਰਥਿਕ ਸਹਾਰਾ ਹੀ ਨਹੀਂ, ਸਗੋਂ ਆਤਮ-ਵਿਸ਼ਵਾਸ ਅਤੇ ਸਮਾਜਿਕ ਪਛਾਣ ਦਾ ਵੀ ਸਰੋਤ ਬਣੀ ਹੈ।
ਭਿੰਦਰ ਕੌਰ ਦੀ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਸਫਲਤਾ ਲਈ ਵੱਡੀਆਂ ਡਿਗਰੀਆਂ ਜਾਂ ਵੱਡੀ ਪੂੰਜੀ ਹਮੇਸ਼ਾ ਜ਼ਰੂਰੀ ਨਹੀਂ ਹੁੰਦੀ। ਜੇਕਰ ਇਨਸਾਨ ਕੋਲ ਸਿੱਖਣ ਦੀ ਇੱਛਾ, ਮਿਹਨਤ ਕਰਨ ਦਾ ਜਜ਼ਬਾ ਅਤੇ ਅੱਗੇ ਵਧਣ ਦਾ ਹੌਸਲਾ ਹੋਵੇ ਤਾਂ ਸੀਮਤ ਸਾਧਨਾਂ ਨਾਲ ਵੀ ਨਵੀਂ ਰਾਹ ਬਣਾਈ ਜਾ ਸਕਦੀ ਹੈ।
ਉਸ ਦੀ ਮਿਹਨਤ ਨੂੰ ਦੇਖਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਉਸ ਨੂੰ ਰੇਡੀਓ ਵਾਰਤਾ ਲਈ ਆਕਾਸ਼ਵਾਣੀ ਪਟਿਆਲਾ ਭੇਜਿਆ ਗਿਆ। ਇਸ ਮੌਕੇ ਉਸ ਨੇ ਆਪਣੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਸਾਂਝੀ ਕੀਤੀ। ਉਸ ਦੀ ਜ਼ਿੰਦਗੀ ਦੀ ਕਹਾਣੀ ਦਾ ਸੰਦੇਸ਼ ਸਪੱਸ਼ਟ ਹੈ—ਕਿਰਤ, ਹੁਨਰ ਅਤੇ ਹੌਸਲੇ ਨਾਲ ਔਰਤ ਆਪਣੇ ਘਰ ਦੀ ਆਰਥਿਕਤਾ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਆਪਣੀ ਪਛਾਣ ਵੀ ਬਣਾ ਸਕਦੀ ਹੈ।
ਭਿੰਦਰ ਕੌਰ ਹੁਣ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਨੂੰ ਆਤਮ-ਨਿਰਭਰ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਉਹ ਉਨ੍ਹਾਂ ਨੂੰ ਆਪਣੀ ਸਮਰੱਥਾ ਪਛਾਣਨ, ਹੁਨਰ ਸਿੱਖਣ ਅਤੇ ਆਪਣੀ ਆਮਦਨ ਦੇ ਸਰੋਤ ਪੈਦਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਸ ਦੇ ਨਾਲ ਹੀ ਉਹ ਪੇਂਡੂ ਔਰਤਾਂ ਨੂੰ ਆਪਣੀ ਮਿਹਨਤ ਅਤੇ ਹੁਨਰ ਰਾਹੀਂ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੀ ਪ੍ਰੇਰਣਾ ਦੇ ਰਹੀ ਹੈ।
ਭਿੰਦਰ ਕੌਰ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਹੌਸਲਾ ਕਦੇ ਵੀ ਉਮਰ, ਪੜ੍ਹਾਈ ਜਾਂ ਸਾਧਨਾਂ ਦਾ ਮੁਹਤਾਜ ਨਹੀਂ ਹੁੰਦਾ। ਜੇ ਇਰਾਦਾ ਪੱਕਾ ਹੋਵੇ ਤਾਂ ਘਰ ਦੀ ਚਾਰਦੀਵਾਰੀ ਤੋਂ ਸ਼ੁਰੂ ਹੋਇਆ ਛੋਟਾ ਜਿਹਾ ਕੰਮ ਵੀ ਆਤਮ-ਨਿਰਭਰਤਾ ਅਤੇ ਹੋਰਾਂ ਲਈ ਰੋਜ਼ਗਾਰ ਦੇ ਰਾਹ ਖੋਲ੍ਹ ਸਕਦਾ ਹੈ।
“ਮੈਂ ਛੋਟੀ ਸਾਂ, ਤਾਂ ਸਿੱਖਿਆ ਛੁੱਟ ਗਈ,
ਸੂਈ-ਸਿਲਾਈ ਨੂੰ ਮਿੱਤਰ ਬਣਾਇਆ।”
ਭਿੰਦਰ ਕੌਰ ਦਾ ਇਹ ਸਫ਼ਰ ਪੇਂਡੂ ਪੰਜਾਬ ਦੀਆਂ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਉਮੀਦ ਦੀ ਕਿਰਨ ਹੈ, ਜੋ ਆਪਣੇ ਹੁਨਰ ਨੂੰ ਆਮਦਨ ਵਿੱਚ ਬਦਲ ਕੇ ਪਰਿਵਾਰ ਅਤੇ ਸਮਾਜ ਵਿੱਚ ਆਪਣੀ ਮਜ਼ਬੂਤ ਭੂਮਿਕਾ ਨਿਭਾਉਣਾ ਚਾਹੁੰਦੀਆਂ ਹਨ।

