ਨਾਭਾ/ਗਲਾਸਗੋ: ਪੰਜਾਬ ਦੇ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਬੇਜ਼ਮੀਨੇ ਕਿਸਾਨ ਦੇ ਘਰ ਜਨਮੀ ਹਰਜਿੰਦਰ ਦੀ ਇਹ ਸਫ਼ਲਤਾ ਸਾਲਾਂ ਦੀ ਮਿਹਨਤ, ਸੰਘਰਸ਼ ਅਤੇ ਅਟੱਲ ਹੌਸਲੇ ਦਾ ਨਤੀਜਾ ਹੈ।
ਗਲਾਸਗੋ ਵਿੱਚ ਹੋ ਰਹੇ ਮੁਕਾਬਲਿਆਂ ਦੌਰਾਨ 69 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਜਿੰਦਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਵਰਗ ਵਿੱਚ ਕੈਨੇਡਾ ਦੀ ਚਰਲੇਟ ਸੀਮੋਨ ਨੇ 240 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਹਾਸਲ ਕੀਤਾ, ਜਦਕਿ ਆਸਟ੍ਰੇਲੀਆ ਦੀ ਨਯਾ ਫੇਬ ਹੇਮਨ 218 ਕਿਲੋਗ੍ਰਾਮ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਜਿਵੇਂ ਹੀ ਦੇਰ ਰਾਤ ਨਤੀਜੇ ਐਲਾਨੇ ਗਏ, ਹਰਜਿੰਦਰ ਦੇ ਘਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਰਾਸ਼ਟਰਪਤੀ ਨੇ ਦਿੱਤੀ ਮੁਬਾਰਕਬਾਦ
ਹਰਜਿੰਦਰ ਦੀ ਇਸ ਇਤਿਹਾਸਕ ਪ੍ਰਾਪਤੀ ‘ਤੇ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਉਸ ਨੂੰ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਹਰਜਿੰਦਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤ ਦਾ ਮਾਣ ਵਧਾਇਆ ਹੈ ਅਤੇ ਉਮੀਦ ਹੈ ਕਿ ਉਹ ਭਵਿੱਖ ਵਿੱਚ ਵੀ ਦੇਸ਼ ਲਈ ਹੋਰ ਕਾਮਯਾਬੀਆਂ ਹਾਸਲ ਕਰੇਗੀ।
ਗ਼ਰੀਬੀ ਤੋਂ ਕਾਮਯਾਬੀ ਤੱਕ ਦਾ ਸਫ਼ਰ
ਹਰਜਿੰਦਰ ਦੀ ਜ਼ਿੰਦਗੀ ਦਾ ਸਫ਼ਰ ਕਿਸੇ ਪ੍ਰੇਰਣਾਦਾਇਕ ਕਹਾਣੀ ਤੋਂ ਘੱਟ ਨਹੀਂ। ਬੇਜ਼ਮੀਨੇ ਕਿਸਾਨ ਪਰਿਵਾਰ ਵਿੱਚ ਜਨਮੀ ਹਰਜਿੰਦਰ ਨੇ ਬਚਪਨ ਤੋਂ ਹੀ ਆਰਥਿਕ ਤੰਗੀਆਂ ਦਾ ਸਾਹਮਣਾ ਕੀਤਾ। ਉਸ ਦੇ ਪਿਤਾ ਸਾਹਿਬ ਸਿੰਘ, ਜੋ ਖੁਦ ਵੀ ਪਿੰਡ ਪੱਧਰ ਦੇ ਵੇਟਲਿਫਟਰ ਰਹਿ ਚੁੱਕੇ ਹਨ, ਨੇ ਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਰਜ਼ਾ ਲੈਣ ਤੱਕ ਦੀ ਨੌਬਤ ਸਹੀ, ਪਰ ਕਦੇ ਹਿੰਮਤ ਨਹੀਂ ਹਾਰੀ।
ਤਾਅਨਿਆਂ ਨੂੰ ਬਣਾਇਆ ਹੌਸਲਾ
ਹਰਜਿੰਦਰ ਦੇ ਭਰਾ ਪ੍ਰਿਤਪਾਲ ਸਿੰਘ ਮੁਤਾਬਕ, ਜਦੋਂ ਪਰਿਵਾਰ ਨੇ ਧੀ ਨੂੰ ਖੇਡਾਂ ਵਿੱਚ ਅੱਗੇ ਵਧਾਇਆ ਤਾਂ ਕਈ ਲੋਕ ਤਾਅਣੇ ਮਾਰਦੇ ਸਨ ਕਿ ਕੁੜੀਆਂ ਨੂੰ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਭੇਜਣ ਦਾ ਕੋਈ ਫ਼ਾਇਦਾ ਨਹੀਂ। ਪਰ ਮਾਤਾ-ਪਿਤਾ ਨੇ ਲੋਕਾਂ ਦੀਆਂ ਗੱਲਾਂ ਨੂੰ ਅਣਡਿੱਠਾ ਕਰਦਿਆਂ ਧੀ ਦਾ ਪੂਰਾ ਸਾਥ ਦਿੱਤਾ। ਅੱਜ ਉਹੀ ਲੋਕ ਹਰਜਿੰਦਰ ਦੀ ਕਾਮਯਾਬੀ ਨੂੰ ਸਲਾਮ ਕਰ ਰਹੇ ਹਨ।
ਸਾਈਕਲ ਤੋਂ ਸ਼ੁਰੂ ਹੋਇਆ ਸਫ਼ਰ
ਹਰਜਿੰਦਰ ਹਰ ਰੋਜ਼ ਕਰੀਬ ਪੰਜ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਜਾਂਦੀ ਸੀ। ਕਈ ਵਾਰ ਸਾਈਕਲ ਪੈਂਚਰ ਹੋ ਜਾਂਦੀ ਤਾਂ ਉਹ ਬਿਨਾਂ ਹਾਰ ਮੰਨੇ ਉਸ ਨੂੰ ਧੱਕ ਕੇ ਘਰ ਤੱਕ ਲਿਆਉਂਦੀ। ਪੜ੍ਹਾਈ ਦੇ ਨਾਲ-ਨਾਲ ਉਹ ਖੇਤਾਂ ਵਿੱਚ ਪਿਤਾ ਦੀ ਮਦਦ ਕਰਦੀ ਅਤੇ ਘਰ ਦੇ ਪਸ਼ੂਆਂ ਦੀ ਸੰਭਾਲ ਵੀ ਕਰਦੀ ਸੀ।
ਕਬੱਡੀ ਤੋਂ ਵੇਟਲਿਫਟਿੰਗ ਤੱਕ
ਹਰਜਿੰਦਰ ਨੇ 11ਵੀਂ ਜਮਾਤ ਵਿੱਚ ਕਬੱਡੀ ਨਾਲ ਆਪਣਾ ਖੇਡ ਸਫ਼ਰ ਸ਼ੁਰੂ ਕੀਤਾ। ਉਸ ਦੇ ਪਹਿਲੇ ਕੋਚ ਪਰਮਜੀਤ ਸ਼ਰਮਾ ਨੇ ਉਸ ਦੀ ਯੋਗਤਾ ਨੂੰ ਪਛਾਣਦਿਆਂ ਪਹਿਲਾਂ ਰੱਸਾਕਸ਼ੀ ਅਤੇ ਫਿਰ ਵੇਟਲਿਫਟਿੰਗ ਵੱਲ ਪ੍ਰੇਰਿਤ ਕੀਤਾ। ਇੱਕ ਸਮੇਂ ਸਰੀਰਕ ਬਣਤਰ ਵਿੱਚ ਬਦਲਾਅ ਦੇ ਡਰ ਕਾਰਨ ਉਸ ਨੇ ਖੇਡ ਛੱਡਣ ਦਾ ਮਨ ਵੀ ਬਣਾ ਲਿਆ ਸੀ, ਪਰ ਪਰਿਵਾਰ ਦੇ ਹੌਸਲੇ ਅਤੇ ਕੋਚ ਦੀ ਪ੍ਰੇਰਣਾ ਨੇ ਉਸ ਨੂੰ ਮੁੜ ਮੈਦਾਨ ਵਿੱਚ ਵਾਪਸ ਲਿਆਇਆ।
ਭਰੋਸਾ ਸੀ ਤਗ਼ਮਾ ਜ਼ਰੂਰ ਆਵੇਗਾ
ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਹਰਜਿੰਦਰ ਨੇ ਆਪਣੇ ਭਰਾ ਨਾਲ ਫ਼ੋਨ ‘ਤੇ ਗੱਲਬਾਤ ਦੌਰਾਨ ਪੂਰੇ ਵਿਸ਼ਵਾਸ ਨਾਲ ਕਿਹਾ ਸੀ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ ਦੇਸ਼ ਲਈ ਤਗ਼ਮਾ ਜਿੱਤ ਕੇ ਹੀ ਵਾਪਸ ਆਵੇਗੀ। ਉਸ ਦਾ ਇਹ ਭਰੋਸਾ ਸੱਚ ਸਾਬਤ ਹੋਇਆ ਅਤੇ ਉਸ ਨੇ ਭਾਰਤ ਦੀ ਝੋਲੀ ਵਿੱਚ ਚਾਂਦੀ ਦਾ ਤਗ਼ਮਾ ਪਾ ਦਿੱਤਾ।
ਮਿਹਨਤ ਨੇ ਬਦਲ ਦਿੱਤੀ ਕਿਸਮਤ
ਹਾਲ ਹੀ ਵਿੱਚ ਹਰਜਿੰਦਰ ਨੂੰ ਪੰਜਾਬ ਸਰਕਾਰ ਵੱਲੋਂ ‘ਮਹਾਰਾਜਾ ਰਣਜੀਤ ਸਿੰਘ ਪੁਰਸਕਾਰ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਸਮੇਂ ਉਹ ਇਨਕਮ ਟੈਕਸ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੀ ਹੈ। ਇੱਕ ਸਮੇਂ ਆਰਥਿਕ ਤੰਗੀਆਂ ਨਾਲ ਜੂਝਣ ਵਾਲੇ ਪਰਿਵਾਰ ਦੇ ਹਾਲਾਤ ਹੁਣ ਕਾਫ਼ੀ ਸੁਧਰ ਚੁੱਕੇ ਹਨ। ਪਿਤਾ ਸਾਹਿਬ ਸਿੰਘ ਭਾਵੁਕ ਹੋ ਕੇ ਕਹਿੰਦੇ ਹਨ ਕਿ ਧੀ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਨਾਲ ਅੱਜ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ।
ਹਰਜਿੰਦਰ ਕੌਰ ਦੀ ਇਹ ਉਪਲਬਧੀ ਇਸ ਗੱਲ ਦਾ ਸਬੂਤ ਹੈ ਕਿ ਮੰਜ਼ਿਲ ਹਾਸਲ ਕਰਨ ਲਈ ਸਾਧਨਾਂ ਨਾਲੋਂ ਵੱਧ ਜ਼ਰੂਰੀ ਹੌਸਲਾ, ਮਿਹਨਤ ਅਤੇ ਪਰਿਵਾਰ ਦਾ ਸਾਥ ਹੁੰਦਾ ਹੈ। ਉਸ ਦੀ ਕਹਾਣੀ ਦੇਸ਼ ਦੀਆਂ ਹਜ਼ਾਰਾਂ ਧੀਆਂ ਲਈ ਇੱਕ ਪ੍ਰੇਰਣਾ ਬਣ ਕੇ ਸਾਹਮਣੇ ਆਈ ਹੈ।

