ਜਲੰਧਰ: ਪੰਜਾਬ ਦੇ ਦੋਆਬਾ ਖੇਤਰ ਵਿੱਚ ਇੱਕ ਵਾਰ ਫਿਰ ਮੂੰਗਫਲੀ ਦੀ ਖੇਤੀ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਦੇ ਮੂੰਗਫਲੀ ਲਈ ਮਸ਼ਹੂਰ ਰਹੇ ਇਸ ਇਲਾਕੇ ਵਿੱਚ ਹੁਣ ਕਿਸਾਨ ਝੋਨੇ ਅਤੇ ਮੱਕੀ ਦੀ ਥਾਂ ਇਸ ਘੱਟ ਪਾਣੀ ਵਾਲੀ ਫ਼ਸਲ ਵੱਲ ਮੁੜ ਰਹੇ ਹਨ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਦੀ ਉਮੀਦ ਹੈ, ਸਗੋਂ ਡਿੱਗ ਰਹੇ ਭੂਜਲ ਪੱਧਰ ਨੂੰ ਸੰਭਾਲਣ ਵਿੱਚ ਵੀ ਮਦਦ ਮਿਲ ਸਕਦੀ ਹੈ।
ਕਪੂਰਥਲਾ ਤੋਂ ਬਾਅਦ ਹੁਣ ਜਾਲੰਧਰ ਜ਼ਿਲ੍ਹੇ ਦੇ ਕਈ ਕਿਸਾਨ ਵੀ ਮੂੰਗਫਲੀ ਦੀ ਕਾਸ਼ਤ ਅਪਣਾ ਰਹੇ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਮੂੰਗਫਲੀ ਦੀ ਫ਼ਸਲ ਨੂੰ ਝੋਨੇ ਅਤੇ ਮੱਕੀ ਦੇ ਮੁਕਾਬਲੇ 70 ਤੋਂ 80 ਫ਼ੀਸਦੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਜਿੱਥੇ ਝੋਨੇ ਲਈ ਇੱਕ ਸੀਜ਼ਨ ਵਿੱਚ ਲਗਭਗ 20 ਤੋਂ 25 ਵਾਰ ਸਿੰਚਾਈ ਕਰਨੀ ਪੈਂਦੀ ਹੈ, ਉੱਥੇ ਮੂੰਗਫਲੀ ਦੀ ਫ਼ਸਲ ਸਿਰਫ਼ 4 ਤੋਂ 5 ਸਿੰਚਾਈਆਂ ਨਾਲ ਹੀ ਤਿਆਰ ਹੋ ਜਾਂਦੀ ਹੈ।
ਮਾਹਿਰਾਂ ਅਨੁਸਾਰ ਮੂੰਗਫਲੀ ਇੱਕ ਫਲੀਦਾਰ ਫ਼ਸਲ ਹੈ, ਜੋ ਮਿੱਟੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੀ ਹੈ। ਇਸ ਕਾਰਨ ਰਸਾਇਣਕ ਖਾਦਾਂ ਦੀ ਲੋੜ ਵੀ ਘੱਟ ਪੈਂਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ।
ਮਲਸੀਆਂ ਦੇ ਪਿੰਡ ਹੁੰਦਲ ਤੱਡਾ ਦੇ ਆਰਗੈਨਿਕ ਕਿਸਾਨ ਹਰਭਜਨ ਸਿੰਘ ਦੱਸਦੇ ਹਨ ਕਿ ਇੱਕ ਸਮਾਂ ਸੀ ਜਦੋਂ ਦੋਆਬਾ ਖੇਤਰ ਮੂੰਗਫਲੀ ਦੀ ਖੇਤੀ ਲਈ ਪੂਰੇ ਪੰਜਾਬ ਵਿੱਚ ਜਾਣਿਆ ਜਾਂਦਾ ਸੀ। ਪਰ ਸਮੇਂ ਦੇ ਨਾਲ ਕਿਸਾਨ ਝੋਨਾ-ਕਣਕ ਦੇ ਫ਼ਸਲੀ ਚੱਕਰ ਵੱਲ ਮੁੜ ਗਏ, ਜਿਸ ਕਾਰਨ ਭੂਜਲ ਪੱਧਰ ਵਿੱਚ ਭਾਰੀ ਗਿਰਾਵਟ ਆਈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਪਾਣੀ ਲਗਭਗ 30 ਫੁੱਟ ਦੀ ਡੂੰਘਾਈ ‘ਤੇ ਮਿਲ ਜਾਂਦਾ ਸੀ, ਉੱਥੇ ਅੱਜ ਕਈ ਇਲਾਕਿਆਂ ਵਿੱਚ ਇਹ 300 ਫੁੱਟ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੇ ਮੁੜ ਮੂੰਗਫਲੀ ਦੀ ਖੇਤੀ ਸ਼ੁਰੂ ਕੀਤੀ ਹੈ।
ਉਨ੍ਹਾਂ ਮੁਤਾਬਕ, ਮੂੰਗਫਲੀ ਦੀ ਫ਼ਸਲ ਤੋਂ ਚੰਗਾ ਝਾੜ ਮਿਲ ਜਾਂਦਾ ਹੈ ਅਤੇ ਬਾਜ਼ਾਰ ਵਿੱਚ ਇਸ ਦਾ ਭਾਅ 6,000 ਤੋਂ 7,000 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ, ਜਿਸ ਕਾਰਨ ਇਹ ਆਰਥਿਕ ਤੌਰ ‘ਤੇ ਵੀ ਲਾਭਕਾਰੀ ਸਾਬਤ ਹੋ ਰਹੀ ਹੈ।
ਫਗਵਾੜਾ ਦੇ ਕਿਸਾਨ ਜਰਨੈਲ ਸਿੰਘ ਨੇ ਵੀ ਤਿੰਨ ਸਾਲ ਪਹਿਲਾਂ ਮੱਕੀ ਦੀ ਥਾਂ ਮੂੰਗਫਲੀ ਦੀ ਖੇਤੀ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪਾਣੀ ਦੀ ਬਚਤ ਦੇ ਨਾਲ-ਨਾਲ ਆਮਦਨ ਵਿੱਚ ਵੀ ਸੁਧਾਰ ਆਇਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਹੋਰ ਕਿਸਾਨ ਵੀ ਇਸ ਫ਼ਸਲ ਵੱਲ ਆਕਰਸ਼ਿਤ ਹੋ ਰਹੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਅਤੇ ਮੱਕੀ ਦੀ ਥਾਂ ਬਦਲਵੀਂ ਫ਼ਸਲਾਂ ਅਪਣਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਅਤੇ ਖੇਤੀ ਵਿਗਿਆਨ ਕੇਂਦਰਾਂ ਦੇ ਸਹਿਯੋਗ ਨਾਲ ਕਿਸਾਨਾਂ ਨੂੰ SG-99 ਅਤੇ TG-37A ਵਰਗੀਆਂ ਉੱਨਤ ਕਿਸਮਾਂ ਦੇ ਬੀਜ, ਲੋੜੀਂਦੀ ਮਸ਼ੀਨਰੀ ਅਤੇ ਮਾਰਕੀਟ ਲਿੰਕੇਜ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਵਿੱਚ ਮੂੰਗਫਲੀ ਵਰਗੀਆਂ ਘੱਟ ਪਾਣੀ ਵਾਲੀਆਂ ਫ਼ਸਲਾਂ ਦਾ ਰਕਬਾ ਵਧਦਾ ਹੈ ਤਾਂ ਇਹ ਸੂਬੇ ਦੇ ਭੂਜਲ ਸੰਕਟ ਨੂੰ ਘਟਾਉਣ ਦੇ ਨਾਲ-ਨਾਲ ਫ਼ਸਲੀ ਵਿਭਿੰਨਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

