ਚੰਡੀਗੜ੍ਹ : ਅਜੋਕੇ ਸਮੇਂ ਵਿੱਚ ਜਿੱਥੇ ਰਸਾਇਣਕ ਖੇਤੀ ਨੇ ਜ਼ਮੀਨ ਦੀ ਸਿਹਤ ਵਿਗਾੜ ਦਿੱਤੀ ਹੈ, ਉੱਥੇ ਹੀ ਕੁਦਰਤੀ ਖੇਤੀ ਦੇ ਨੁਸਖੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਅਕਸਰ ਕਿਸਾਨ ਫ਼ਸਲਾਂ ਦੇ ਸੁੱਕਣ ਪਿੱਛੇ ‘ਸਿਉਂਕ’ ਨੂੰ ਮੁੱਖ ਕਾਰਨ ਮੰਨਦੇ ਹਨ, ਪਰ ਮਾਹਰਾਂ ਦਾ ਮੰਨਣਾ ਹੈ ਕਿ “ਸਿਉਂਕ ਮੌਕੇ ਦਾ ਚੋਰ ਹੈ, ਅਸਲ ਨੁਕਸਾਨ ਉੱਲੀ (Fungus) ਕਰਦੀ ਹੈ।”
ਸਿਉਂਕ: ਦੁਸ਼ਮਣ ਨਹੀਂ, ਕੁਦਰਤ ਦਾ ਸਫ਼ਾਈ ਸੇਵਕ
ਸਿਉਂਕ ਆਮ ਤੌਰ ‘ਤੇ ਜੀਵਤ ਬਨਸਪਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਕੁਦਰਤ ਵਿੱਚ ਇਸ ਦੀ ਡਿਊਟੀ ਸੁੱਕੇ ਜੈਵਿਕ ਮਾਦੇ ਨੂੰ ਖਾਦ ਵਿੱਚ ਬਦਲਣਾ ਹੈ। ਅਸੀਂ ਅਕਸਰ ਘਰ ਦੀ ਲੱਕੜ, ਬਾਹਰ ਪਈ ਪਰਾਲ਼ੀ, ਮੱਕੀ ਦੇ ਸੁੱਕੇ ਟਾਂਡਿਆਂ (ਕੜਬ), ਕਿਤਾਬਾਂ ਅਤੇ ਗੱਤੇ ਦੇ ਡੱਬਿਆਂ ਨੂੰ ਸਿਉਂਕ ਲੱਗੀ ਦੇਖਦੇ ਹਾਂ।
ਸਿਉਂਕ ਜੀਵਤ ਬੂਟਿਆਂ ਨੂੰ ਸਿਰਫ਼ ਉਦੋਂ ਹੀ ਖਾਂਦੀ ਹੈ ਜਦੋਂ ਉਸ ਦੇ ਖਾਣ ਲਈ ਕੋਈ ਹੋਰ ਸੁੱਕਾ ਮਾਦਾ ਨਾ ਬਚਿਆ ਹੋਵੇ। ਜੇਕਰ ਸਿਉਂਕ ਜੀਵਤ ਬਨਸਪਤੀ ਨੂੰ ਆਸਾਨੀ ਨਾਲ ਹਜ਼ਮ ਕਰ ਸਕਦੀ, ਤਾਂ ਸ਼ਾਇਦ ਅੱਜ ਧਰਤੀ ‘ਤੇ ਸਿਰਫ਼ ਸਿਉਂਕ ਹੀ ਹੁੰਦੀ, ਹਰਿਆਵਲ ਨਾ ਬਚਦੀ।
ਉੱਲੀ ਅਤੇ ਸਿਉਂਕ ਦਾ ‘ਘਾਤਕ ਸਹਿਜੀਵਨ’
ਖੇਤਾਂ ਵਿੱਚ ਫ਼ਸਲਾਂ (ਕਣਕ, ਝੋਨਾ, ਸਬਜ਼ੀਆਂ) ਦੇ ਜੜ੍ਹਾਂ ਤੋਂ ਸੁੱਕਣ ਦੀ ਪ੍ਰਕਿਰਿਆ ਨੂੰ ਵਿਗਿਆਨਕ ਭਾਸ਼ਾ ਵਿੱਚ ‘Wilting’ ਕਿਹਾ ਜਾਂਦਾ ਹੈ। ਅਸਲ ਵਿੱਚ ਇਸ ਦੀ ਸ਼ੁਰੂਆਤ ਫਾਈਟੋਫਥੇਰਾ (Phytophthora) ਅਤੇ ਫੂਜੇਰੀਅਮ (Fusarium) ਨਾਮ ਦੀਆਂ ਉੱਲੀਆਂ ਕਰਦੀਆਂ ਹਨ।
ਸਿਉਂਕ ਜੀਵਤ ਜੜ੍ਹਾਂ ਨੂੰ ਸਿੱਧਾ ਨਹੀਂ ਪਚਾ ਸਕਦੀ, ਇਸ ਲਈ ਉੱਲੀਆਂ ਜੜ੍ਹਾਂ ਨੂੰ ਸੁਕਾਉਣਾ ਸ਼ੁਰੂ ਕਰ ਦਿੰਦੀਆਂ ਹਨ। ਜਦੋਂ ਜੜ੍ਹਾਂ ਸੁੱਕ ਜਾਂਦੀਆਂ ਹਨ, ਤਾਂ ਸਿਉਂਕ ਉਨ੍ਹਾਂ ਨੂੰ ਖਾਣ ਪਹੁੰਚ ਜਾਂਦੀ ਹੈ। ਕਿਸਾਨ ਨੂੰ ਸਿਉਂਕ ਨਜ਼ਰ ਆਉਂਦੀ ਹੈ, ਪਰ ਉਹ ਅਸਲ ਕਾਰਨ (ਉੱਲੀ) ਨੂੰ ਪਛਾਣ ਨਹੀਂ ਪਾਉਂਦਾ।
ਕਾਰਗਰ ਇਲਾਜ: ਫਟਕੜੀ ਅਤੇ ਹਿੰਗ ਦਾ ਸੁਮੇਲ
ਕੁਦਰਤੀ ਖੇਤੀ ਵਿੱਚ ਸਿਉਂਕ ਨੂੰ ਮਾਰਨ ਦੀ ਬਜਾਏ ਉੱਲੀਆਂ ਨੂੰ ਕੰਟਰੋਲ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ।
ਜ਼ਮੀਨ ਹੇਠਲੀ ਉੱਲੀ ਲਈ: ਪ੍ਰਤੀ ਏਕੜ 1 ਕਿੱਲੋ ਚਿੱਟੀ ਫਟਕੜੀ ਨੂੰ ਪਾਣੀ ਦੀ ਆੜ (ਨੱਕੇ) 'ਤੇ ਰੱਖ ਕੇ ਸਿੰਚਾਈ ਕਰੋ। ਫਟਕੜੀ ਵਿੱਚ ਮੌਜੂਦ ਸਲਫਰ ਉੱਲੀਆਂ ਦਾ ਖ਼ਾਤਮਾ ਕਰਦਾ ਹੈ ਅਤੇ ਮਿੱਟੀ ਦਾ ਪੀ.ਐੱਚ. (pH) ਪੱਧਰ ਸਹੀ ਕਰਦਾ ਹੈ।
ਵਧੇਰੇ ਅਸਰ ਲਈ: ਕੁਝ ਕਿਸਾਨ ਫਟਕੜੀ ਦੇ ਨਾਲ 50 ਤੋਂ 100 ਗ੍ਰਾਮ ਹਿੰਗ ਦੀ ਵਰਤੋਂ ਵੀ ਕਰਦੇ ਹਨ, ਜੋ ਕਿ ਕੀਟਨਾਸ਼ਕ ਅਤੇ ਉੱਲੀਨਾਸ਼ਕ ਵਜੋਂ ਬਹੁਤ ਪ੍ਰਭਾਵਸ਼ਾਲੀ ਹੈ।
ਜ਼ਮੀਨ ਤੋਂ ਉੱਪਰ ਦੀ ਉੱਲੀ ਲਈ: ਪੁਰਾਣੀ ਖੱਟੀ ਲੱਸੀ (ਲੋਹੇ ਜਾਂ ਤਾਂਬੇ ਦੇ ਸੰਪਰਕ ਤੋਂ ਬਿਨਾਂ) ਦੀ ਸਪਰੇਅ ਬੇਹੱਦ ਫਾਇਦੇਮੰਦ ਹੁੰਦੀ ਹੈ।
ਮਲਚਿੰਗ: ਜਿਨ੍ਹਾਂ ਖੇਤਾਂ ਵਿੱਚ ਰਹਿੰਦ-ਖੂੰਹਦ ਵਿੱਚੇ ਵਾਹੀ ਹੁੰਦੀ ਹੈ, ਉੱਥੇ ਸਿਉਂਕ ਨੂੰ ਆਪਣੀ ਖ਼ੁਰਾਕ ਮਿਲ ਜਾਂਦੀ ਹੈ ਅਤੇ ਉਹ ਜੀਵਤ ਬੂਟਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।
ਇੱਕ ਸਫ਼ਲ ਤਜ਼ਰਬਾ: ਮਿਰਚਾਂ ਦੀ ਖੇਤੀ ਅਤੇ ‘ਠੂਠੀ ਰੋਗ’ ਦਾ ਹੱਲ
ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਇੰਜੀਨੀਅਰ ਅਸ਼ੋਕ ਕੁਮਾਰ ਜੀ ਇੱਕ ਅਸਲੀ ਘਟਨਾ ਸਾਂਝੀ ਕਰਦੇ ਹਨ। ਸਾਲ 2014-15 ਵਿੱਚ ਹੁਸ਼ਿਆਰਪੁਰ ਦੇ ਇੱਕ ਕਿਸਾਨ ਦੀਆਂ ਮਿਰਚਾਂ ਦੀ ਫ਼ਸਲ 70% ਤੱਕ ਸੁੱਕ ਚੁੱਕੀ ਸੀ। ਰਸਾਇਣਕ ਦਵਾਈਆਂ ਫੇਲ੍ਹ ਹੋ ਗਈਆਂ ਸਨ।
ਅਸ਼ੋਕ ਕੁਮਾਰ ਜੀ ਦੀ ਸਲਾਹ ‘ਤੇ ਕਿਸਾਨ ਨੇ ਫਟਕੜੀ ਦੀ ਵਰਤੋਂ ਕੀਤੀ ਅਤੇ ਹਫ਼ਤੇ ਵਿੱਚ ਬੂਟੇ ਮੁੜ ਹਰੇ ਹੋਣ ਲੱਗੇ। ਹਾਲਾਂਕਿ, ਜ਼ਿਆਦਾ ਉਤਸ਼ਾਹ ਵਿੱਚ ਕਿਸਾਨ ਨੇ ਵਾਰ-ਵਾਰ ਪਾਣੀ ਲਗਾ ਦਿੱਤਾ, ਜਿਸ ਨਾਲ ਮਿਰਚਾਂ ਨੂੰ ‘ਠੂਠੀ ਰੋਗ’ (Leaf Curl) ਪੈ ਗਿਆ। ਇਸ ਦਾ ਹੱਲ ਵੀ ਕੁਦਰਤੀ ਤਰੀਕੇ ਨਾਲ ਕੱਢਿਆ ਗਿਆ— 2 ਲੀਟਰ ਕੱਚਾ ਦੁੱਧ 120 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕੀਤੀ ਗਈ, ਜਿਸ ਨਾਲ ਫ਼ਸਲ ਬਿਲਕੁਲ ਤੰਦਰੁਸਤ ਹੋ ਗਈ।
ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਫ਼ਸਲ ਦੀ ਲੋੜ ਅਨੁਸਾਰ ਹੀ ਪਾਣੀ ਦੇਣ ਅਤੇ ਸਿਰਫ਼ ਫਟਕੜੀ ਦੇਣ ਦੇ ਲਾਲਚ ਵਿੱਚ ਵਾਰ-ਵਾਰ ਸਿੰਚਾਈ ਨਾ ਕਰਨ। ਕੁਦਰਤੀ ਖੇਤੀ ਦੇ ਇਹ ਨੁਸਖੇ ਨਾ ਸਿਰਫ਼ ਸਸਤੇ ਹਨ, ਸਗੋਂ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਵੀ ਸੁਰੱਖਿਅਤ ਹਨ।
“ਹਿੰਗ ਲਗਾਈ ਤੇ ਫਟਕੜੀ, ਫੇ ਰੰਗ ਚੋਖੇ ਆਏ” — ਇਹ ਕਹਾਵਤ ਅੱਜ ਦੇ ਦੌਰ ਵਿੱਚ ਕੁਦਰਤੀ ਖੇਤੀ ‘ਤੇ ਪੂਰੀ ਤਰ੍ਹਾਂ ਢੁਕਦੀ ਹੈ।
ਲੇਖਕ: ਇੰਜੀਨੀਅਰ ਅਸ਼ੋਕ ਕੁਮਾਰ (ਸਰਪ੍ਰਸਤ, ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ)

