ਨਵੀਂ ਦਿੱਲੀ, 9 ਮਈ (ਸੁਚਨਾ ਬਿਊਰੋ): ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਵਿਭਾਗੀ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਇਹ ਮੀਟਿੰਗ ਖੇਤੀਬਾੜੀ, ਖੁਰਾਕ ਸੁਰੱਖਿਆ ਅਤੇ ਮੌਜੂਦਾ ਹਾਲਾਤਾਂ ਵਿੱਚ ਕਿਸਾਨਾਂ ਨੂੰ ਸੰਭਾਵਿਤ ਸਮੱਸਿਆਵਾਂ ਤੋਂ ਬਚਾਉਣ ਨੂੰ ਲੈ ਕੇ ਹੋਈ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਮੰਤਰੀ ਨੇ ਦੱਸਿਆ ਕਿ, “ਭਾਰਤ ਮਾਤਾ ਦੇ ਚਰਨਾਂ ਵਿੱਚ ਸਭ ਕੁਝ ਕੁਰਬਾਨ ਕਰਨ ਲਈ ਦੇਸ਼ ਤਿਆਰ ਹੈ। ਜਿੱਥੇ ਇਕ ਪਾਸੇ ਸਾਡੇ ਜਵਾਨ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸਾਡੇ ਕਿਸਾਨ ਖੇਤਾਂ ‘ਚ ਪਸੀਨਾ ਵਗਾ ਰਹੇ ਹਨ।”
ਉਨ੍ਹਾਂ ਕਿਹਾ ਕਿ ਕਿਸਾਨਾਂ, ਵਿਗਿਆਨੀਆਂ ਅਤੇ ਮੰਤਰਾਲਿਆਂ ਦੀ ਇੱਕਤਾ ਦੇ ਨਾਲ, ਖੇਤੀਬਾੜੀ ਵਿੱਚ ਹੋ ਰਹੀ ਤਰੱਕੀ ਉਤਸ਼ਾਹਜਨਕ ਹੈ। ਉਨ੍ਹਾਂ ਮੁਲਕ ਦੀ ਭੋਜਨ ਸੁਰੱਖਿਆ ਨੂੰ ਲੈ ਕੇ ਯਕੀਨ ਦਿਲਾਇਆ ਕਿ ਦੇਸ਼ ਕੋਲ ਕਾਫੀ ਮਾਤਰਾ ਵਿੱਚ ਕਣਕ, ਚੌਲ ਅਤੇ ਹੋਰ ਅਨਾਜ ਉਪਲਬਧ ਹੈ।
ਅੰਕੜਿਆਂ ਅਨੁਸਾਰ:
2024-25 ਵਿੱਚ ਕੁੱਲ ਅਨਾਜ ਉਤਪਾਦਨ 3474.42 ਲੱਖ ਮੀਟ੍ਰਿਕ ਟਨ ਹੋਣ ਦਾ ਅੰਦਾਜ਼ਾ ਹੈ (2023-24 ਵਿੱਚ 3322.98 ਲੱਖ ਮੀ.ਟਨ)।
ਚੌਲਾਂ ਦਾ ਉਤਪਾਦਨ 1464.02 ਲੱਖ ਮੀ.ਟਨ (2023-24: 1378.25 ਲੱਖ ਮੀ.ਟਨ)।
ਕਣਕ ਦਾ ਉਤਪਾਦਨ 1154.30 ਲੱਖ ਮੀ.ਟਨ ਹੋਣ ਦੀ ਸੰਭਾਵਨਾ (ਪਿਛਲੇ ਸਾਲ: 1132.92 ਲੱਖ ਮੀ.ਟਨ)।
ਦਾਲਾਂ: 250.97 ਲੱਖ ਮੀ.ਟਨ (2023-24 ਵਿੱਚ 242.46)।
ਤੇਲ ਬੀਜ: 428.98 ਲੱਖ ਮੀ.ਟਨ (2023-24: 396.69)।
ਫਲ ਅਤੇ ਸਬਜ਼ੀਆਂ: 3621 ਲੱਖ ਮੀ.ਟਨ (2023-24: 3547)।
ਮੁੱਖ ਉਤਪਾਦਨ ਵਿੱਚ ਵਾਧਾ:
ਆਲੂ: 595.70 ਲੱਖ ਮੀ.ਟਨ (ਪਿਛਲੇ ਸਾਲ: 570.53)
ਪਿਆਜ਼: 288.77 ਲੱਖ ਮੀ.ਟਨ (ਪਿਛਲੇ ਸਾਲ: 242.67)
ਟਮਾਟਰ: 215.49 ਲੱਖ ਮੀ.ਟਨ (ਪਿਛਲੇ ਸਾਲ: 213.23)
ਉਨ੍ਹਾਂ ਦੱਸਿਆ ਕਿ 539.88 ਲੱਖ ਮੀ.ਟਨ ਝੋਨਾ ਅਤੇ 267.02 ਲੱਖ ਮੀ.ਟਨ ਕਣਕ 8 ਮਈ ਤੱਕ ਖਰੀਦੀ ਜਾ ਚੁੱਕੀ ਹੈ।
ਭਵਿੱਖ ਲਈ ਯੋਜਨਾਵਾਂ:
ਮੰਤਰੀ ਨੇ ਕਿਹਾ ਕਿ ਅਜਿਹੀਆਂ ਹਾਲਾਤਾਂ ਵਿੱਚ ਜਿੱਥੇ ਪਿੰਡ ਖਾਲੀ ਕਰਵਾਉਣੇ ਪੈਂਦੇ ਹਨ, ਉੱਥੇ ਵੀ ਅਸੀਂ ਖੇਤੀ ਸੰਬੰਧੀ ਲੋੜਾਂ ਦੀ ਪੂਰਤੀ ਲਈ ਤਿਆਰ ਹਾਂ। ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਵੀ ਇਸ ਸਬੰਧੀ ਚਰਚਾ ਕੀਤੀ ਜਾਵੇਗੀ।
ਰੁਜ਼ਗਾਰ ਅਤੇ ਖੂਨਦਾਨ:
ਪੇਂਡੂ ਵਿਕਾਸ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਹਾਲਾਤ ਵਿੱਚ ਲੋਕ ਬੇਰੁਜ਼ਗਾਰ ਹੋਣ, ਤਾਂ ਉਨ੍ਹਾਂ ਲਈ ਰੁਜ਼ਗਾਰ ਦੇ ਇੰਤਜ਼ਾਮ ਤੁਰੰਤ ਕੀਤੇ ਜਾਣਗੇ। 14 ਮਈ ਨੂੰ ਕੇਂਦਰੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੂਨਦਾਨ ਕਰਨਗੇ।
ਅੰਤ ਵਿੱਚ, ਮੰਤਰੀ ਨੇ ਦੱਸਿਆ ਕਿ ਦੇਸ਼ ਖੇਤੀਬਾੜੀ, ਜਵਾਨੀ ਅਤੇ ਵਿਗਿਆਨ ਦੀ ਤਾਕਤ ਨਾਲ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। “ਸਾਡਾ ਸੰਕਲਪ ਹੈ – ਭੋਜਨ ਸੁਰੱਖਿਆ, ਕਿਸਾਨ ਭਲਾਈ ਅਤੇ ਰਾਸ਼ਟਰ ਦੀ ਸੇਵਾ।”