ਨਵੀਂ ਦਿੱਲੀ: ਗੰਨਾ ਉਗਾਉਣ ਵਾਲੇ ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਆਈ ਹੈ। ਆਉਣ ਵਾਲੇ 2025-26 ਗੰਨਾ ਸੀਜ਼ਨ (ਅਕਤੂਬਰ 2025 ਤੋਂ ਸਤੰਬਰ 2026) ਲਈ ਗੰਨੇ ਦੀ ਘੱਟੋ-ਘੱਟ ਖਰੀਦ ਕੀਮਤ, ਯਾਨੀ ਕਿ ਨਿਰਪੱਖ ਅਤੇ ਲਾਹੇਵੰਦ ਕੀਮਤ (FRP), ਵਧਾ ਕੇ ₹355 ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ।
ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਵੱਲੋਂ ਮੰਗਲਵਾਰ ਨੂੰ ਲਿਆ ਗਿਆ, ਜਿਸ ਨਾਲ ਦੇਸ਼ ਭਰ ਦੇ ਲਗਭਗ 5 ਕਰੋੜ ਗੰਨਾ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਲਾਭਵੰਤ ਹੋਣਗੇ।
ਇਸ ਦੇ ਨਾਲ ਹੀ, ਖੰਡ ਮਿੱਲਾਂ ਨਾਲ ਜੁੜੇ ਲਗਭਗ 5 ਲੱਖ ਕਾਮਿਆਂ ਨੂੰ ਵੀ ਇਸ ਦਾ ਪੂਰਾ ਲਾਭ ਮਿਲੇਗਾ, ਕਿਉਂਕਿ ਉਤਪਾਦਨ ‘ਚ ਵਾਧਾ ਹੋਣ ਨਾਲ ਰੋਜ਼ਗਾਰ ਦੇ ਮੌਕੇ ਵੀ ਵਧਣ ਦੀ ਉਮੀਦ ਹੈ।
ਪਿਛਲੇ ਸੀਜ਼ਨ ਨਾਲ ਤੁਲਨਾ:
2024-25 ਗੰਨਾ ਸੀਜ਼ਨ ਲਈ FRP ₹315 ਪ੍ਰਤੀ ਕੁਇੰਟਲ ਸੀ। ਨਵੀਂ ਕੀਮਤ ਵਿੱਚ ₹40 ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਪਿਛਲੇ ਕਈ ਸਾਲਾਂ ‘ਚ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ।
ਕਿਸਾਨਾਂ ਲਈ ਅਰਥਕ ਰਾਹਤ:
ਇਸ ਵਾਧੇ ਨਾਲ ਗੰਨਾ ਕਿਸਾਨਾਂ ਨੂੰ ਉਤਪਾਦਨ ਲਾਗਤ ਦੇ ਮੁਕਾਬਲੇ ਵਧੀਆ ਮੁੱਲ ਮਿਲੇਗਾ, ਜਿਸ ਨਾਲ ਉਹਨਾਂ ਦੀ ਆਮਦਨ ‘ਚ ਸਿਧਾ ਵਾਧਾ ਹੋਵੇਗਾ। ਸਰਕਾਰ ਨੇ ਦਾਅਵਾ ਕੀਤਾ ਹੈ ਕਿ FRP ਕਿਸਾਨ ਦੀ ਉਤਪਾਦਨ ਲਾਗਤ ਤੋਂ ਅੱਧ ਤੋਂ ਵੱਧ ਲਾਭ (50% ਤੋਂ ਵੱਧ ਮਾਰਜਿਨ) ਦੇ ਰੂਪ ਵਿੱਚ ਦਿੱਤਾ ਗਿਆ ਹੈ।
ਕੀਮਤ ਕਿਸ ਆਧਾਰ ‘ਤੇ ਨਿਰਧਾਰਤ ਹੋਈ?
ਇਹ ਨਵੀਂ FRP ਖੇਤੀਬਾੜੀ ਲਾਗਤ ਅਤੇ ਕੀਮਤਾਂ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਰਾਜ ਸਰਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਨਿਰਧਾਰਤ ਕੀਤੀ ਗਈ ਹੈ।
ਬਕਾਏ ਦੀ ਅਦਾਇਗੀ ‘ਤੇ ਸਰਕਾਰ ਦੀ ਪੇਸ਼ਕਦਮੀ
2023-24 ਖੰਡ ਸੀਜ਼ਨ ਵਿੱਚ ₹1,11,782 ਕਰੋੜ ਦੇ ਗੰਨੇ ਦੇ ਭੁਗਤਾਨ ਵਿੱਚੋਂ 99.92% ਰਕਮ (₹1,11,703 ਕਰੋੜ) ਕਿਸਾਨਾਂ ਨੂੰ 28 ਅਪ੍ਰੈਲ 2025 ਤੱਕ ਅਦਾ ਕੀਤੀ ਜਾ ਚੁੱਕੀ ਹੈ।
ਮੌਜੂਦਾ 2024-25 ਸੀਜ਼ਨ ਵਿੱਚ ₹97,270 ਕਰੋੜ ਦੇ ਬਕਾਏ ਵਿੱਚੋਂ 87% ਰਕਮ (₹85,094 ਕਰੋੜ) ਅਦਾ ਕੀਤੀ ਜਾ ਚੁੱਕੀ ਹੈ।