ਚੰਡੀਗੜ੍ਹ, 2 ਮਾਰਚ 2026: ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਅੱਜ ਮਾਰਚ ਤੋਂ ਮਈ (MAM) 2026 ਦੇ ਗਰਮ ਮੌਸਮ ਦੇ ਸੀਜ਼ਨ ਲਈ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਾਪਮਾਨ ਬਾਰੇ ਮੁੱਖ ਜਾਣਕਾਰੀ
- ਵੱਧ ਤੋਂ ਵੱਧ ਤਾਪਮਾਨ: ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਸਧਾਰਨ ਜਾਂ ਸਧਾਰਨ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ, ਪਰ ਕੁਝ ਇਲਾਕਿਆਂ ਵਿੱਚ ਇਹ ਸਧਾਰਨ ਤੋਂ ਉੱਪਰ ਜਾ ਸਕਦਾ ਹੈ। ਇਕੱਲੇ ਮਾਰਚ ਮਹੀਨੇ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਸਧਾਰਨ ਰਹਿਣ ਦੀ ਉਮੀਦ ਹੈ।
- ਘੱਟ ਤੋਂ ਘੱਟ ਤਾਪਮਾਨ: ਰਾਤਾਂ ਇਸ ਵਾਰ ਗਰਮ ਰਹਿਣ ਵਾਲੀਆਂ ਹਨ। ਪੂਰੇ ਸੀਜ਼ਨ (ਮਾਰਚ-ਮਈ) ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਘੱਟ ਤੋਂ ਘੱਟ ਤਾਪਮਾਨ ਸਧਾਰਨ ਤੋਂ ਉੱਪਰ ਰਹਿਣ ਦੀ ਬਹੁਤ ਸੰਭਾਵਨਾ ਹੈ।
ਲੂ (Heat Wave) ਦਾ ਖਤਰਾ
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਮਾਰਚ ਤੋਂ ਮਈ ਦੇ ਦੌਰਾਨ ਉੱਤਰ-ਪੱਛਮੀ ਭਾਰਤ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਲੂ ਚੱਲਣ ਵਾਲੇ ਦਿਨਾਂ ਦੀ ਗਿਣਤੀ ਸਧਾਰਨ ਨਾਲੋਂ ਵੱਧ ਹੋ ਸਕਦੀ ਹੈ। ਹਾਲਾਂਕਿ, ਮਾਰਚ ਦੇ ਮਹੀਨੇ ਵਿੱਚ ਲੂ ਦੀ ਸਥਿਤੀ ਸਧਾਰਨ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਮੀਂਹ ਦੀ ਭਵਿੱਖਬਾਣੀ
ਮਾਰਚ 2026 ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਸਧਾਰਨ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਦੇਸ਼ ਭਰ ਵਿੱਚ ਔਸਤਨ ਮੀਂਹ ਸਧਾਰਨ (LPA ਦਾ 83-117%) ਰਹਿਣ ਦੀ ਉਮੀਦ ਹੈ।
ਸਿਹਤ ਸੰਬੰਧੀ ਸਲਾਹ ਅਤੇ ਤਿਆਰੀਆਂ
ਵਧਦੀ ਗਰਮੀ ਅਤੇ ਲੂ ਦੇ ਖ਼ਤਰੇ ਨੂੰ ਦੇਖਦੇ ਹੋਏ ਵਿਭਾਗ ਨੇ ਹੇਠ ਲਿਖੀਆਂ ਸਲਾਹਾਂ ਦਿੱਤੀਆਂ ਹਨ:
- ਪਬਲਿਕ ਲਈ: ਹਾਈਡਰੇਟਿਡ ਰਹੋ (ਪਾਣੀ ਪੀਂਦੇ ਰਹੋ), ਦੁਪਹਿਰ ਦੀ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਬਚੋ ਅਤੇ ਬਜ਼ੁਰਗਾਂ, ਬੱਚਿਆਂ ਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਖਾਸ ਖਿਆਲ ਰੱਖੋ।
- ਪ੍ਰਸ਼ਾਸਨ ਲਈ: ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੀਣ ਵਾਲੇ ਪਾਣੀ ਦੀ ਸਪਲਾਈ, ਕੂਲਿੰਗ ਸੈਂਟਰਾਂ (ਸ਼ੈਲਟਰਾਂ) ਅਤੇ ਸਿਹਤ ਸੇਵਾਵਾਂ ਨੂੰ ਪਹਿਲਾਂ ਹੀ ਦਰੁਸਤ ਰੱਖਣ।

