ਫ਼ਤਿਹਗੜ੍ਹ ਸਾਹਿਬ ਦੇ ਨੌਜਵਾਨ ਕਿਸਾਨ ਦਵਿੰਦਰ ਸਿੰਘ ਨੇ ਕਣਕ ਦੀ ਉਤਪਾਦਨ ਵਿੱਚ ਰਚਿਆ ਨਵਾਂ ਇਤਿਹਾਸਫ਼ਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖ਼ੁਰਦ ਦੇ ਨੌਜਵਾਨ ਕਿਸਾਨ ਦਵਿੰਦਰ ਸਿੰਘ ਉਰਫ਼ ਹਰਜੀਤ ਸਿੰਘ ਕਣਕ ਦਾ ਉਤਪਾਦਨ ਦਿਖਾਉਂਦਾ ਹੋਇਆ। ਫੋਟੋ-ਗਰਨੀ ਮਾਈਕ

ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਕਿਸਾਨ ਹਰ ਰੋਜ਼ ਖੇਤੀਬਾੜੀ ਵਿੱਚ ਨਵੇਂ ਇਤਿਹਾਸ ਰਚ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖ਼ੁਰਦ ਦੇ ਅਗਾਂਹਵਧੂ ਨੌਜਵਾਨ ਕਿਸਾਨ ਦਵਿੰਦਰ ਸਿੰਘ ਉਰਫ਼ ਹਰਜੀਤ ਸਿੰਘ ਦਾ ਦਾ ਨਾਮ ਸ਼ਾਮਲ ਹੋ ਗਿਆ ਹੈ। ਦਵਿੰਦਰ ਨੇ ਲਗਾਤਾਰ ਦੂਜੇ ਸਾਲ ਕਣਕ ਦੀ ਵਧੀਆ ਉਤਪਾਦਨ ਕਰਕੇ ਨਾ ਸਿਰਫ਼ ਆਪਣਾ ਪਿਛਲਾ ਰਿਕਾਰਡ ਤੋੜਿਆ ਹੈ, ਸਗੋਂ ਖੇਤੀਬਾੜੀ ਦੇ ਖੇਤਰ ਵਿੱਚ ਨਵਾਂ ਮਾਪਦੰਡ ਸੈੱਟ ਕੀਤਾ ਹੈ।

ਪਿਛਲੇ ਸਾਲ ਦਵਿੰਦਰ ਨੇ ਕਣਕ ਦੀ ਕਿਸਮ DBW 327 ਤੋਂ ਇੱਕ ਏਕੜ ਵਿੱਚੋਂ 33.70 ਕੁਇੰਟਲ (84 ਮਣ) ਝਾੜ ਲੈ ਕੇ ਚਰਚਾ ਵਿੱਚ ਆ ਗਿਆ ਸੀ। ਉਸ ਸਮੇਂ ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ, ਕਰਨਾਲ ਦੇ ਡਾਇਰੈਕਟਰ ਖ਼ੁਦ ਵਿਗਿਆਨੀਆਂ ਸਮੇਤ ਉਸ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਕਿਸਾਨ ਦਾ ਸਨਮਾਨ ਕੀਤਾ।

ਇਸ ਸਾਲ ਦਵਿੰਦਰ ਨੇ ਇਸ ਤੋਂ ਵੀ ਵਧੇਰੇ ਸਫਲਤਾ ਹਾਸਲ ਕੀਤੀ। ਕਣਕ ਦੀ ਨਵੀਂ ਕਿਸਮ DBW 371 ਤੋਂ ਉਸ ਨੇ 34 ਕੁਇੰਟਲ (85 ਮਣ) ਦਾ ਰਿਕਾਰਡ ਝਾੜ ਪ੍ਰਾਪਤ ਕੀਤਾ। ਇਸਦੇ ਨਾਲ ਹੀ ਦੋ ਹੋਰ ਕਿਸਮਾਂ DBW 327 ਤੋਂ 33.18 ਕੁਇੰਟਲ ਤੇ DBW 372 ਤੋਂ 31.85 ਕੁਇੰਟਲ ਦਾ ਝਾੜ ਵੀ ਹਾਸਲ ਕੀਤਾ।

ਦਵਿੰਦਰ ਸਿੰਘ ਨੇ ਸਾਇੰਸ ਅਧਾਰਿਤ ਖੇਤੀ ਪੱਧਤੀ ਅਪਣਾਈ ਹੈ। ਉਸ ਨੇ ਖੇਤੀ ਮਾਹਿਰਾਂ ਦੀ ਮਦਦ ਨਾਲ ਟਰਾਇਲ ਲਗਾ ਕੇ, ਗਵਾਹਾਂ ਦੀ ਹਾਜ਼ਰੀ ਵਿੱਚ ਨਤੀਜੇ ਪ੍ਰਸਤੁਤ ਕੀਤੇ, ਜਿਸ ਨਾਲ ਇਹ ਸਾਬਤ ਹੋਇਆ ਕਿ ਖੇਤੀ ਨੂੰ ਘਾਟੇ ਦਾ ਧੰਦਾ ਸਮਝਣ ਵਾਲੀਆਂ ਧਾਰਨਾਵਾਂ ਗਲਤ ਹਨ।

ਦਵਿੰਦਰ ਦੱਸਦਾ ਹੈ ਕਿ ਇਹ ਸਾਰੀਆਂ ਸਫਲਤਾਵਾਂ ਸਿਰਫ਼ ਠੋਸ ਰਣਨੀਤੀ, ਨਿਯਮਤ ਮਿੱਟੀ ਜਾਂਚ, ਵਧੀਆ ਬੀਜ, ਪਾਣੀ ਪ੍ਰਬੰਧਨ ਅਤੇ ਖੇਤਾਂ ਨਾਲ ਜੁੜੀ ਸੱਚੀ ਲਗਨ ਦੇ ਨਤੀਜੇ ਹਨ।

ਉਹ ਆਪਣੇ ਖੇਤਾਂ ਵਿੱਚ ਤਜਰਬੇ ਕਰਦਾ ਰਹਿੰਦਾ ਹੈ ਤੇ ਕਈ ਵਾਰ ਘਾਟੇ ਵੀ ਸਹਿਣੇ ਪਏ, ਪਰ ਹੌਂਸਲਾ ਨਹੀਂ ਹਾਰਿਆ। ਦਵਿੰਦਰ ਖੇਤੀ ਲਈ ਲੋੜੀਂਦੇ ਜ਼ਿਆਦਾਤਰ ਪਦਾਰਥ ਆਪਣੇ ਖੇਤਾਂ ਤੋਂ ਉਗਾ ਲੈਂਦਾ ਹੈ। ਸਿਰਫ਼ ਲੂਣ ਅਤੇ ਚਾਹ ਪੱਤੀ ਹੀ ਬਾਹਰੋਂ ਖਰੀਦਣੀ ਪੈਂਦੀ ਹੈ।

ਅੱਜ ਦਵਿੰਦਰ ਸਿੰਘ ਇੱਕ ਪ੍ਰੇਰਣਾ ਬਣ ਚੁੱਕਾ ਹੈ। ਸੂਬੇ ਭਰ ਦੇ ਕਿਸਾਨ ਉਨ੍ਹਾਂ ਕੋਲੋਂ ਸਿੱਖਣ ਆ ਰਹੇ ਹਨ, ਉਨ੍ਹਾਂ ਦੇ ਬੀਜਾਂ ਦੀ ਮੰਗ ਵਧ ਗਈ ਹੈ। ਉਹ ਆਪਣੀ ਉਤਪਾਦਨ ਪੱਧਤੀ ਦੁਆਰਾ ਇਹ ਸਾਬਤ ਕਰ ਚੁੱਕਾ ਹੈ ਕਿ ਵਿਗਿਆਨਕ ਖੇਤੀ ਨਵੇਂ ਦਾਅਵੇ ਨਹੀਂ, ਨਵੇਂ ਇਤਿਹਾਸ ਰਚ ਸਕਦੀ ਹੈ।

ਦਵਿੰਦਰ ਸਿੰਘ ਦੀ ਕਹਾਣੀ ਸਿਰਫ਼ ਉੱਚ ਉਤਪਾਦਨ ਦੀ ਨਹੀਂ, ਬਲਕਿ ਮਿਹਨਤ, ਤਜਰਬੇ, ਵਿਗਿਆਨ ਤੇ ਨਿਵੇਕਲੇ ਸੋਚ ਦੀ ਹੈ। ਉਹ ਹਰੇਕ ਨੌਜਵਾਨ ਕਿਸਾਨ ਲਈ ਪ੍ਰੇਰਣਾ ਹੈ, ਜੋ ਖੇਤੀ ਨੂੰ ਨਵੇਂ ਪੱਖੋਂ ਦੇਖਣਾ ਚਾਹੁੰਦਾ ਹੈ।

ਸਟੋਰੀ — ਗਰੀਨ ਮਾਈਕ ਵੱਲੋਂ, ਪਿੰਡ ਚਨਾਰਥਲ ਖ਼ੁਰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਖਾਸ ਰਿਪੋਰਟ।

Leave a Reply

Your email address will not be published. Required fields are marked *