ਹੁਸ਼ਿਆਰਪੁਰ ਦੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਕਰਨੈਲ ਸਿੰਘ ਅੱਜ ਦੇ ਦੌਰ ਵਿੱਚ ਉਹਨਾਂ ਸਾਰੇ ਲੋਕਾਂ ਲਈ ਇੱਕ ਵੱਡੀ ਮਿਸਾਲ ਹਨ ਜੋ ਮੁਸੀਬਤਾਂ ਅੱਗੇ ਗੋਡੇ ਟੇਕ ਦਿੰਦੇ ਹਨ। ਇੱਕ ਅਜਿਹਾ ਸ਼ਖਸ ਜਿਸ ਦਾ ਸਰੀਰ 70 ਫੀਸਦੀ ਤੱਕ ਅਪਾਹਿਜ ਹੋ ਚੁੱਕਾ ਹੈ, ਅੱਜ ਨਾ ਸਿਰਫ਼ ਆਪਣੀ ਖੇਤੀ ਖੁਦ ਸੰਭਾਲ ਰਿਹਾ ਹੈ, ਬਲਕਿ ਜੈਵਿਕ ਖੇਤੀ (Organic Farming) ਰਾਹੀਂ ਸਮਾਜ ਨੂੰ ਜ਼ਹਿਰ-ਮੁਕਤ ਖੁਰਾਕ ਵੀ ਮੁਹੱਈਆ ਕਰਵਾ ਰਿਹਾ ਹੈ।
ਜੀਵਨ ਨੂੰ ਬਦਲ ਦੇਣ ਵਾਲਾ ਹਾਦਸਾ 18 ਮਈ 2018 ਦੀ ਉਹ ਸ਼ਾਮ ਕਰਨੈਲ ਸਿੰਘ ਕਦੇ ਨਹੀਂ ਭੁੱਲ ਸਕਦੇ। ਜਦੋਂ ਉਹ ਸ਼ਹਿਰ ਨੂੰ ਜਾ ਰਹੇ ਸੀ ਤਾਂ ਅਚਾਨਕ ਇੱਕ ਸਫੈਦਾ ਟੁੱਟ ਕੇ ਉਹਨਾਂ ਦੇ ਸਿਰ ਵਿੱਚ ਵੱਜਿਆ। ਬਿਨਾਂ ਕਿਸੇ ਹਵਾ ਜਾਂ ਹਨੇਰੀ ਦੇ ਵਾਪਰੇ ਇਸ ਕੁਦਰਤੀ ਕਹਿਰ ਨੇ ਉਹਨਾਂ ਦੇ ਸਰੀਰ ਨੂੰ ਛਾਤੀ ਤੋਂ ਹੇਠਾਂ ਬਿਲਕੁਲ ਸੈਂਸਲੈੱਸ (senseless) ਕਰ ਦਿੱਤਾ। ਲੰਬਾ ਸਮਾਂ ਹਸਪਤਾਲਾਂ ਵਿੱਚ ਰਹਿਣ ਅਤੇ ਅੱਠ ਮਹੀਨੇ ਬੈੱਡ ‘ਤੇ ਪਏ ਰਹਿਣ ਦੇ ਬਾਵਜੂਦ, ਕਰਨੈਲ ਸਿੰਘ ਨੇ ਹੌਸਲਾ ਨਹੀਂ ਹਾਰਿਆ। ਉਹਨਾਂ ਦਾ ਕਹਿਣਾ ਹੈ, “ਬੰਦਾ ਸਰੀਰਕ ਤੌਰ ‘ਤੇ ਹੈਂਡੀਕੈਪ ਹੋ ਜਾਵੇ ਕੋਈ ਗੱਲ ਨਹੀਂ, ਪਰ ਦਿਮਾਗੀ ਤੌਰ ‘ਤੇ ਹੈਂਡੀਕੈਪ ਨਹੀਂ ਹੋਣਾ ਚਾਹੀਦਾ।”
ਕੈਮੀਕਲ ਮੁਕਤ ਖੇਤੀ ਦੀ ਸ਼ੁਰੂਆਤ ਕਰਨੈਲ ਸਿੰਘ ਪਹਿਲਾਂ ਦੂਜੇ ਕਿਸਾਨਾਂ ਵਾਂਗ ਰਸਾਇਣਕ ਖੇਤੀ ਹੀ ਕਰਦੇ ਸਨ। ਪਰ 2010 ਵਿੱਚ ਉਹਨਾਂ ਦੇ ਪਰਿਵਾਰ ਵਿੱਚ ਕੈਂਸਰ ਕਾਰਨ ਹੋਈ ਮੌਤ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹਨਾਂ ਮਹਿਸੂਸ ਕੀਤਾ ਕਿ ਜੇਕਰ ਕੋਈ ਸਾਫ-ਸੁਥਰਾ ਜੀਵਨ ਜਿਊਣ ਵਾਲਾ ਇਨਸਾਨ ਵੀ ਕੈਂਸਰ ਦਾ ਸ਼ਿਕਾਰ ਹੋ ਰਿਹਾ ਹੈ, ਤਾਂ ਇਸ ਦਾ ਮੁੱਖ ਕਾਰਨ ਖੇਤੀ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਕੈਮੀਕਲ ਹਨ। ਇਸੇ ਮਕਸਦ ਨਾਲ ਉਹਨਾਂ ਨੇ 2013 ਵਿੱਚ ‘ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ’ (IFA) ਨਾਲ ਜੁੜ ਕੇ ਜੈਵਿਕ ਖੇਤੀ ਦੀ ਸਿਖਲਾਈ ਲਈ।
ਮਿਹਨਤ ਅਤੇ ਕਾਮਯਾਬੀ ਅੱਜ ਕਰਨੈਲ ਸਿੰਘ ਆਪਣੀ 22 ਕਨਾਲ ਜ਼ਮੀਨ ਵਿੱਚ ਹਰ ਤਰ੍ਹਾਂ ਦੀ ਮੌਸਮੀ ਸਬਜ਼ੀ ਜਿਵੇਂ ਗਾਜਰ, ਮੂਲੀ, ਮਟਰ, ਬਰੋਕਲੀ, ਅਤੇ ਆਲੂ ਬਿਨਾਂ ਕਿਸੇ ਜ਼ਹਿਰ ਦੇ ਉਗਾ ਰਹੇ ਹਨ। ਉਹਨਾਂ ਨੇ ਯੂਰੀਆ ਦੀ ਜਗ੍ਹਾ ਗੋਬਰ ਦੀ ਖਾਦ, ਵਰਮੀ ਕੰਪੋਸਟ ਅਤੇ ਪਾਥੀਆਂ ਦੇ ਪਾਣੀ ਦੀ ਵਰਤੋਂ ਸ਼ੁਰੂ ਕੀਤੀ। ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਉਹਨਾਂ ਨੂੰ ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਦਾ ਸਰਟੀਫਿਕੇਟ ਮਿਲਿਆ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।
ਸਿਹਤ ਹੀ ਅਸਲੀ ਖਜ਼ਾਨਾ ਕਰਨੈਲ ਸਿੰਘ ਦਾ ਮੰਨਣਾ ਹੈ ਕਿ ਇਨਸਾਨ ਕੋਲ ਚਾਹੇ ਲੱਖਾਂ-ਕਰੋੜਾਂ ਰੁਪਏ ਹੋਣ, ਪਰ ਜੇਕਰ ਸਿਹਤ ਠੀਕ ਨਹੀਂ ਤਾਂ ਸਭ ਵਿਅਰਥ ਹੈ। ਉਹ ਹਰ ਕਿਸਾਨ ਨੂੰ ਅਪੀਲ ਕਰਦੇ ਹਨ ਕਿ ਭਾਵੇਂ ਪੂਰੇ ਖੇਤਾਂ ਵਿੱਚ ਨਹੀਂ, ਪਰ ਘੱਟੋ-ਘੱਟ ਆਪਣੇ ਪਰਿਵਾਰ ਲਈ 10 ਮਰਲੇ ਜ਼ਮੀਨ ਵਿੱਚ ਜ਼ਹਿਰ-ਮੁਕਤ ਸਬਜ਼ੀਆਂ ਜ਼ਰੂਰ ਬੀਜਣ।
ਅੱਜ ਉਹ ਹੁਸ਼ਿਆਰਪੁਰ ਦੀ ‘ਸੇਫ ਮੰਡੀ’ ਵਿੱਚ ਆਪਣਾ ਈ-ਰਿਕਸ਼ਾ ਖੁਦ ਚਲਾ ਕੇ ਸਬਜ਼ੀਆਂ ਵੇਚਣ ਜਾਂਦੇ ਹਨ। ਉਹਨਾਂ ਦਾ ਜਜ਼ਬਾ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਕਿ ਕਿਵੇਂ ਇੱਕ ਇਨਸਾਨ ਆਪਣੀ ਸਰੀਰਕ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਸਮਾਜ ਲਈ ਚਾਨਣ ਮੁਨਾਰਾ ਬਣ ਸਕਦਾ ਹੈ।
ਰਿਪੋਰਟ: ਸੁਖਵਿੰਦਰ ਸਿੰਘ (Green Mic Official)

