ਸੰਗਰੂਰ, 28 ਜੂਨ 2025 ਨੂੰ ਸੂਲਰ ਘਰਾਟ (ਸੰਗਰੂਰ) ਨੇੜਲੇ ਪਿੰਡ ਤਰੰਜੀਖੇੜਾ (ਖਡਿਆਲੀ) ਵਿੱਚ 3000 ਲਿਟਰ ਨਕਲੀ ਦੁੱਧ ਫੜੇ ਜਾਣ ਦੇ ਮਾਮਲੇ ਨੇ ਸਾਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਮੀਡੀਆ ਵਿੱਚ ਖ਼ਬਰ ਆਉਣ ਤੋਂ ਬਾਅਦ, ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਗਠਿਤ ਪੰਜ ਮੈਂਬਰੀ ਜਾਂਚ ਕਮੇਟੀ ਨੇ ਡੂੰਘੀ ਜਾਂਚ ਕਰਕੇ ਆਪਣੀ ਤੱਥ ਖੋਜ ਰਿਪੋਰਟ ਜਾਰੀ ਕੀਤੀ ਹੈ।
ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਦੀ ਅਗਵਾਈ ਹੇਠ ਬਣੀ ਕਮੇਟੀ ਵਿੱਚ ਬਸ਼ੇਸ਼ਰ ਰਾਮ, ਮਨਧੀਰ ਸਿੰਘ ਰਾਜੋਮਾਜਰਾ, ਡਾ. ਕਿਰਨਪਾਲ ਕੌਰ ਅਤੇ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ ਸ਼ਾਮਲ ਸਨ। ਕਮੇਟੀ ਨੇ ਪਿੰਡ, ਪੁਲਿਸ ਚੌਂਕੀ, ਮਿਲਕ ਪਲਾਂਟ, ਸਿਹਤ ਵਿਭਾਗ ਦੇ ਜ਼ਿਲ੍ਹਾ ਦਫਤਰ ਸਮੇਤ ਕਈ ਸਿਆਸੀ ਤੇ ਗੈਰ-ਸਿਆਸੀ ਆਗੂਆਂ, ਸਾਬਕਾ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਰੂਬਰੂ ਤੇ ਫੋਨ ਰਾਹੀਂ ਗੱਲਬਾਤ ਕਰਕੇ ਸਰਬਪੱਖੀ ਜਾਣਕਾਰੀ ਇਕੱਠੀ ਕੀਤੀ।
ਰਿਪੋਰਟ ਦੇ ਖੁਲਾਸੇ
ਜਾਂਚ ਦੌਰਾਨ ਪਤਾ ਲੱਗਾ ਕਿ ਹਰਦੀਪ ਸਿੰਘ ਲੰਮੇ ਸਮੇਂ ਤੋਂ ਨਕਲੀ ਦੁੱਧ ਤਿਆਰ ਕਰਕੇ ਰੋਜ਼ਾਨਾ 150-200 ਲਿਟਰ ਮਿਲਾਵਟੀ ਦੁੱਧ ਅਸਲੀ ਦੁੱਧ ਵਿੱਚ ਮਿਲਾ ਕੇ ਮਿਲਕ ਪਲਾਂਟ ਵਿੱਚ ਸਪਲਾਈ ਕਰਦਾ ਸੀ। ਕਮੇਟੀ ਦਾ ਦਾਅਵਾ ਹੈ ਕਿ ਇਸ ਗੈਰਕਾਨੂੰਨੀ ਕਾਰੋਬਾਰ ਵਿੱਚ ਮਿਲਕ ਪਲਾਂਟ ਦੇ ਪ੍ਰਬੰਧਕੀ ਤੰਤਰ, ਉੱਚ ਅਧਿਕਾਰੀਆਂ ਅਤੇ ਸਿਆਸੀ ਵਿੰਗ ਦੀ ਮਿਲੀਭੁਗਤ ਸੀ।
ਕਮੇਟੀ ਨੇ ਇਹ ਵੀ ਦਰਸਾਇਆ ਕਿ ਪਿੰਡ ਦੇ ਕਈ ਲੋਕਾਂ ਨੂੰ ਇਸ ਗਤੀਵਿਧੀ ਬਾਰੇ ਪਤਾ ਸੀ ਪਰ ਡਰ ਜਾਂ ਹੋਰ ਕਾਰਨਾਂ ਕਰਕੇ ਕਿਸੇ ਨੇ ਆਵਾਜ਼ ਨਹੀਂ ਉਠਾਈ, ਜੋ ਸਮਾਜਕ ਚੇਤਨਾ ਲਈ ਚਿੰਤਾ ਦਾ ਵਿਸ਼ਾ ਹੈ।
ਮੁੱਖ ਮੰਗਾਂ ਅਤੇ ਸਿਫਾਰਸ਼ਾਂ
ਰਿਪੋਰਟ ਜਾਰੀ ਕਰਦਿਆਂ ਜਗਜੀਤ ਭੁਟਾਲ ਅਤੇ ਜਰਨਲ ਸੱਕਤਰ ਕੁਲਦੀਪ ਸਿੰਘ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਸਿਰਫ਼ ਵਿਭਾਗੀ ਜਾਂਚ ਨਹੀਂ, ਬਲਕਿ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਕਮੇਟੀ ਬਣਾ ਕੇ ਪੂਰੇ ਘਪਲੇ ਦੀ ਜਾਂਚ ਕੀਤੀ ਜਾਵੇ। ਜਾਂਚ ਵਿੱਚ ਮਿਲਾਵਟੀ ਦੁੱਧ ਦੇ ਧੰਦੇ ਨਾਲ ਨਾਲ ਮਿਲਕ ਪਲਾਂਟ ਵਿੱਚ ਚਲ ਰਹੇ ਭ੍ਰਿਸ਼ਟਾਚਾਰ ਨੂੰ ਵੀ ਸ਼ਾਮਲ ਕੀਤਾ ਜਾਵੇ।
ਉਹਨਾਂ ਕਿਹਾ ਕਿ ਮਿਲਕ ਪਲਾਂਟ ਦੇ ਜਰਨਲ ਮੈਨੇਜਰ ਦੀ ਸਿਰਫ਼ ਬਦਲੀ ਕੋਈ ਸਜ਼ਾ ਨਹੀਂ ਹੈ। ਸਿਆਸੀ ਨੇਤਾ, ਮੁੱਖ ਅਹੁਦੇਦਾਰ, ਜੀਐਮ, ਮੈਨੇਜਰ ਪ੍ਰਕਿਊਰਮੈਂਟ, ਲੈਬ ਇੰਚਾਰਜ ਅਤੇ ਸੱਕਤਰ ਸਮੇਤ ਸਾਰੇ ਜ਼ਿੰਮੇਵਾਰਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਕੇ ਦੋਸ਼ ਸਾਬਤ ਹੋਣ ‘ਤੇ ਮਿਸਾਲੀ ਸਜ਼ਾ ਦਿੱਤੀ ਜਾਵੇ।
ਕਮੇਟੀ ਨੇ ਇਹ ਵੀ ਮੰਗ ਕੀਤੀ ਕਿ —
ਆਊਟਸੋਰਸਿੰਗ ਅਤੇ ਠੇਕਾ ਪ੍ਰਣਾਲੀ ਬੰਦ ਕੀਤੀ ਜਾਵੇ ਅਤੇ ਨਿਯਮਤ ਪੱਕੀ ਭਰਤੀ ਹੋਵੇ।
ਆਰਜੀ ਅਮਲੇ ਦੀਆਂ ਘੱਟ ਤਨਖਾਹਾਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ।
ਅਸਲੀ ਪਸ਼ੂ ਪਾਲਕਾਂ ਨੂੰ ਸੁਸਾਇਟੀ ਦੇ ਮੈਂਬਰ ਬਣਾਇਆ ਜਾਵੇ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣ।
ਪਿੰਡ ਦੀ ਸੁਸਾਇਟੀ ਨੂੰ ਪ੍ਰਸ਼ਾਸਕੀ ਸ਼ਕਤੀਆਂ ਦਿੱਤੀਆਂ ਜਾਣ।
ਸਮਾਜਿਕ ਜਾਗਰੂਕਤਾ ਲਈ ਅਪੀਲ
ਕਮੇਟੀ ਨੇ ਚੇਤੰਨ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਮਿਲਾਵਟ ਅਤੇ ਭ੍ਰਿਸ਼ਟਾਚਾਰ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਸਮਾਜਿਕ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ।
ਜਾਂਚ ਰਿਪੋਰਟ ਤਿਆਰ ਕਰਨ ਵਿੱਚ ਪ੍ਰਿੰਸੀਪਲ ਰਘਬੀਰ ਭੁਟਾਲ ਅਤੇ ਲਛਮਣ ਅਲੀਸ਼ੇਰ ਨੇ ਪੂਰਾ ਸਹਿਯੋਗ ਦਿੱਤਾ।

