ਭਾਰਤ ਵਿੱਚ ਮੋਟਾਪਾ ਹੁਣ ਸਿਰਫ਼ ਸਿਹਤ ਰਿਪੋਰਟਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਸਾਡੇ ਘਰਾਂ, ਦਫ਼ਤਰਾਂ ਅਤੇ ਸਮਾਜਿਕ ਦਾਇਰਿਆਂ ਵਿੱਚ ਸਪੱਸ਼ਟ ਰੂਪ ਵਿੱਚ ਦਿਖਾਈ ਦੇਣ ਲੱਗਾ ਹੈ। ਇੱਕ ਤਾਜ਼ਾ ਦੇਸ਼ ਵਿਆਪੀ ਸਰਵੇਖਣ ਅਨੁਸਾਰ, 76% ਭਾਰਤੀਆਂ ਦੇ ਨਜ਼ਦੀਕੀ ਜਾਣ ਪਛਾਣ ਵਾਲਿਆਂ ਵਿੱਚ ਘੱਟੋ-ਘੱਟ ਇੱਕ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਇਹ ਸਮੱਸਿਆ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕਿੰਨੀ ਡੂੰਘੀ ਉਤਰ ਚੁੱਕੀ ਹੈ।
ਸਮਾਜਿਕ ਦਾਇਰੇ ਵਿੱਚ ਮੋਟਾਪੇ ਦੀ ਸਥਿਤੀ
ਕਮਿਊਨਿਟੀ ਪਲੇਟਫਾਰਮ ‘ਲੋਕਲ ਸਰਕਲਸ’ (LocalCircles) ਦੁਆਰਾ ਕੀਤੇ ਗਏ ਸਰਵੇਖਣ ਵਿੱਚ ਕੁਝ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ:
- 76 ਪ੍ਰਤੀਸ਼ਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ, ਦੋਸਤਾਂ, ਸਹਿਕਰਮੀਆਂ ਜਾਂ ਗੁਆਂਢੀਆਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀ ਮੋਟੇ ਹਨ।
- 42 ਪ੍ਰਤੀਸ਼ਤ ਲੋਕ ਅਜਿਹੇ ਹਨ ਜੋ ਆਪਣੇ ਨਜ਼ਦੀਕੀ ਦਾਇਰੇ ਵਿੱਚ ਚਾਰ ਜਾਂ ਇਸ ਤੋਂ ਵੱਧ ਮੋਟੇ ਵਿਅਕਤੀਆਂ ਨੂੰ ਜਾਣਦੇ ਹਨ।
ਇਹ ਸਰਵੇਖਣ ਭਾਰਤ ਦੇ 319 ਜ਼ਿਲ੍ਹਿਆਂ ਵਿੱਚ 50,000 ਤੋਂ ਵੱਧ ਲੋਕਾਂ ‘ਤੇ ਕੀਤਾ ਗਿਆ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਇਹ ਸਮੱਸਿਆ ਹੁਣ ਕਿਸੇ ਖ਼ਾਸ ਖੇਤਰ, ਉਮਰ ਜਾਂ ਆਮਦਨ ਵਰਗ ਤੱਕ ਸੀਮਤ ਨਹੀਂ ਰਹੀ।
ਬਿਮਾਰੀਆਂ ਦਾ ਜਾਲ: ਮੋਟਾਪਾ ਅਤੇ ਲਾਈਫਸਟਾਈਲ ਡਿਜ਼ੀਜ਼
ਮੋਟਾਪਾ ਇਕੱਲਾ ਨਹੀਂ ਆਉਂਦਾ, ਇਹ ਆਪਣੇ ਨਾਲ ਕਈ ਗੰਭੀਰ ਬਿਮਾਰੀਆਂ ਲੈ ਕੇ ਆਉਂਦਾ ਹੈ। ਸਰਵੇਖਣ ਮੁਤਾਬਕ:
- ਮੋਟਾਪੇ ਦਾ ਸ਼ਿਕਾਰ 56% ਲੋਕ ਹੋਰ ਗੰਭੀਰ ਬਿਮਾਰੀਆਂ ਨਾਲ ਵੀ ਜੂਝ ਰਹੇ ਹਨ।
- ਇਨ੍ਹਾਂ ਵਿੱਚ ਸ਼ੂਗਰ (Diabetes), ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟ੍ਰੋਲ ਅਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਮੁੱਖ ਹਨ।
ਮਾਹਿਰਾਂ ਅਨੁਸਾਰ, ਇਹ ਸਥਿਤੀ ਨਾ ਸਿਰਫ਼ ਜੀਵਨ ਦੀ ਗੁਣਵੱਤਾ ਨੂੰ ਘਟਾਉਂਦੀ ਹੈ, ਸਗੋਂ ਪਰਿਵਾਰਾਂ ਅਤੇ ਦੇਸ਼ ਦੇ ਸਿਹਤ ਢਾਂਚੇ ‘ਤੇ ਵੀ ਵੱਡਾ ਆਰਥਿਕ ਬੋਝ ਪਾਉਂਦੀ ਹੈ।
ਮੋਟਾਪੇ ਦੇ ਮੁੱਖ ਕਾਰਨ: ਸਾਡੀਆਂ ਰੋਜ਼ਾਨਾ ਦੀਆਂ ਆਦਤਾਂ
ਸਰਵੇਖਣ ਵਿੱਚ ਜਦੋਂ ਲੋਕਾਂ ਨੂੰ ਮੋਟਾਪੇ ਦੇ ਕਾਰਨਾਂ ਬਾਰੇ ਪੁੱਛਿਆ ਗਿਆ, ਤਾਂ ਜ਼ਿਆਦਾਤਰ ਨੇ ਖ਼ਰਾਬ ਜੀਵਨਸ਼ੈਲੀ ਨੂੰ ਜ਼ਿੰਮੇਵਾਰ ਠਹਿਰਾਇਆ:
| ਕਾਰਨ | ਫੀਸਦੀ (%) |
| ਤਲੇ ਹੋਏ ਅਤੇ ਅਲਟਰਾ-ਪ੍ਰੋਸੈਸਡ ਭੋਜਨ ਦੀ ਵਰਤੋਂ | 68% |
| ਸੁਸਤ ਜੀਵਨਸ਼ੈਲੀ (Sedentary Lifestyle) | 64% |
| ਸਰੀਰਕ ਕਸਰਤ ਦੀ ਕਮੀ | 64% |
| ਹੋਰ ਡਾਕਟਰੀ ਕਾਰਨ | 27% |
| ਸ਼ਰਾਬ ਦਾ ਸੇਵਨ | 4% |
ਆਰਥਿਕ ਸਰਵੇਖਣ 2026 ਵਿੱਚ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਗ਼ਲਤ ਖ਼ੁਰਾਕ ਅਤੇ ਬੈਠ ਕੇ ਕੰਮ ਕਰਨ ਵਾਲੇ ਸੱਭਿਆਚਾਰ (Screen time) ਕਾਰਨ ਭਾਰਤ ਵਿੱਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ।
ਬਜਟ 2026 ਤੋਂ ਉਮੀਦਾਂ
ਲੋਕਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰੀ ਪੱਧਰ ‘ਤੇ ਨੀਤੀਆਂ ਬਣਾਉਣ ਦੀ ਲੋੜ ਹੈ। ਜਿਸਦੇ ਲਈ ਸਰਕਾਰ
- ਸਿਹਤਮੰਦ ਖ਼ੁਰਾਕ ਦੇ ਵਿਕਲਪਾਂ ਨੂੰ ਸਸਤਾ ਬਣਾਇਆ ਜਾਵੇ।
- ਜਿੰਮ ਅਤੇ ਫਿਟਨੈਸ ਸੈਂਟਰਾਂ ਦੀ ਪਹੁੰਚ ਆਸਾਨ ਕੀਤੀ ਜਾਵੇ।
- ਸਕੂਲਾਂ ਅਤੇ ਦਫ਼ਤਰਾਂ ਵਿੱਚ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਸ਼ੁਰੂ ਕੀਤੇ ਜਾਣ।
ਮੋਟਾਪਾ ਹੁਣ ਸਿਰਫ਼ ਇੱਕ ਨਿੱਜੀ ਸਮੱਸਿਆ ਨਹੀਂ, ਸਗੋਂ ਇੱਕ ਸਮਾਜਿਕ ਸੰਕਟ ਬਣ ਗਿਆ ਹੈ। ਇਲਾਜ ਨਾਲੋਂ ਪਰਹੇਜ਼ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਹੀ ਇਸ ਦਾ ਸਹੀ ਹੱਲ ਹੈ। ਜੇਕਰ ਅਸੀਂ ਅੱਜ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਗਤੀਵਿਧੀਆਂ ਵੱਲ ਧਿਆਨ ਨਾ ਦਿੱਤਾ, ਤਾਂ ਆਉਣ ਵਾਲੇ ਸਮੇਂ ਵਿੱਚ ਇਹ ਇੱਕ ਵੱਡੀ ਸਿਹਤ ਐਮਰਜੈਂਸੀ ਦਾ ਰੂਪ ਧਾਰਨ ਕਰ ਸਕਦਾ ਹੈ।

