Punjab News, Environment News, Health Alert, Cancer Risk, Heavy Metals, Pollution in Punjab, Public Healthਰਿਸਰਚ ਮੁਤਾਬਕ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਰੋਪੜ ਵਿੱਚ ਭਾਰੀ ਧਾਤੂ ਪ੍ਰਦੂਸ਼ਣ ਨਾਲ ਕੈਂਸਰ ਦਾ ਖ਼ਤਰਾ ਵਧ ਰਿਹਾ ਹੈ।

ਚੰਡੀਗੜ੍ਹ: ਪੰਜਾਬ ਇੰਜੀਨੀਅਰਿੰਗ ਕਾਲਜ (PEC) ਦੇ ਵਿਗਿਆਨੀਆਂ ਦੀ ਇੱਕ ਤਾਜ਼ਾ ਰਿਸਰਚ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਰਿਪੋਰਟ ਅਨੁਸਾਰ ਪੰਜਾਬ ਦੇ ਚਾਰ ਪ੍ਰਮੁੱਖ ਜ਼ਿਲ੍ਹਿਆਂ— ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਰੋਪੜ— ਵਿੱਚ ਜ਼ਮੀਨ ਹੇਠਲਾ ਪਾਣੀ ਇੰਨਾ ਜ਼ਹਿਰੀਲਾ ਹੋ ਚੁੱਕਾ ਹੈ ਕਿ ਇਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ਤਰਾ ਕਾਫ਼ੀ ਵਧ ਗਿਆ ਹੈ। ਡਾ. ਸ਼ਿਪਰਾ ਕਪੂਰ ਦੀ ਅਗਵਾਈ ਹੇਠ ਹੋਈ ਇਸ ਖੋਜ ਵਿੱਚ ਪਾਣੀ ਦੇ 281 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਭਾਰੀ ਮਾਤਰਾ ਵਿੱਚ ਘਾਤਕ ਧਾਤਾਂ (Heavy Metals) ਪਾਈਆਂ ਗਈਆਂ ਹਨ।

ਰਿਸਰਚ ਮੁਤਾਬਕ ਇਨ੍ਹਾਂ ਇਲਾਕਿਆਂ ਵਿੱਚ ਆਰਸੇਨਿਕ, ਕੈਡਮੀਅਮ, ਸੀਸਾ, ਕ੍ਰੋਮਿਅਮ ਅਤੇ ਨਿਕਲ ਵਰਗੀਆਂ ਭਾਰੀ ਧਾਤੂਆਂ ਵੱਡੀ ਮਾਤਰਾ ਵਿੱਚ ਮਿਲੀਆਂ ਹਨ। ਇਹ ਧਾਤੂਆਂ ਮਨੁੱਖੀ ਸਰੀਰ ਵਿੱਚ ਲੰਬੇ ਸਮੇਂ ਤੱਕ ਇਕੱਠੀਆਂ ਹੋ ਕੇ ਕੈਂਸਰ, ਗੁਰਦਿਆਂ ਦੀ ਬਿਮਾਰੀ, ਨਰਵ ਸਿਸਟਮ ਨੂੰ ਨੁਕਸਾਨ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਦਯੋਗਿਕ ਇਕਾਈਆਂ ਤੋਂ ਨਿਕਲਣ ਵਾਲਾ ਗੰਦਾਪਾਣੀ, ਰਸਾਇਣਕ ਕੂੜਾ, ਖਾਦਾਂ ਅਤੇ ਕੀਟਨਾਸ਼ਕਾਂ ਦੀ ਹੱਦ ਤੋਂ ਵੱਧ ਵਰਤੋਂ ਇਸ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਲੁਧਿਆਣਾ ਅਤੇ ਜਲੰਧਰ ਵਰਗੇ ਉਦਯੋਗਿਕ ਸ਼ਹਿਰਾਂ ਵਿੱਚ ਫੈਕਟਰੀਆਂ ਤੋਂ ਨਿਕਲਣ ਵਾਲੇ ਰਸਾਇਣ ਮਿੱਟੀ ਅਤੇ ਪਾਣੀ ਨੂੰ ਲੰਬੇ ਸਮੇਂ ਲਈ ਜ਼ਹਿਰੀਲਾ ਬਣਾ ਰਹੇ ਹਨ।

ਜ਼ਿਲ੍ਹੇਵਾਰ ਰਿਪੋਰਟ: ਕਿੱਥੇ ਕਿਹੜਾ ਜ਼ਹਿਰ?

ਵਿਗਿਆਨੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਜੂਦ ਪ੍ਰਦੂਸ਼ਕਾਂ ਦਾ ਵੇਰਵਾ ਇਸ ਤਰ੍ਹਾਂ ਦਿੱਤਾ ਹੈ:

ਅੰਮ੍ਰਿਤਸਰ: ਇੱਥੇ ਆਰਸੈਨਿਕ ਅਤੇ ਲੋਹੇ (Iron) ਦੀ ਮਾਤਰਾ ਸਭ ਤੋਂ ਵੱਧ ਪਾਈ ਗਈ ਹੈ। ਇਸ ਕਾਰਨ ਚਮੜੀ ਦੇ ਰੋਗ, ਖੂਨ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ।

ਲੁਧਿਆਣਾ: ਉਦਯੋਗਿਕ ਗੜ੍ਹ ਹੋਣ ਕਾਰਨ ਇੱਥੋਂ ਦੇ ਪਾਣੀ ਵਿੱਚ ਸੀਸਾ (Lead) ਬਹੁਤ ਜ਼ਿਆਦਾ ਹੈ, ਜੋ ਦੰਦਾਂ ਅਤੇ ਹੱਡੀਆਂ ਲਈ ਬੇਹੱਦ ਨੁਕਸਾਨਦੇਹ ਹੈ। ਲੁਧਿਆਣਾ ਦੇ ਕੇਂਦਰੀ ਅਤੇ ਦੱਖਣ-ਪੂਰਬੀ ਖੇਤਰ 'ਹੌਟਸਪੋਟ' ਬਣ ਚੁੱਕੇ ਹਨ।

ਜਲੰਧਰ: ਇੱਥੇ ਪਾਣੀ ਵਿੱਚ ਸੀਸਾ ਅਤੇ ਸੇਲੇਨੀਅਮ ਦੀ ਮਾਤਰਾ ਚਿੰਤਾਜਨਕ ਪੱਧਰ 'ਤੇ ਹੈ। ਇੱਥੇ ਕੁਦਰਤੀ ਭੂਗੋਲਿਕ ਪ੍ਰਕਿਰਿਆਵਾਂ ਵੀ ਪ੍ਰਦੂਸ਼ਣ ਦਾ ਇੱਕ ਕਾਰਨ ਮੰਨੀਆਂ ਗਈਆਂ ਹਨ।

ਰੋਪੜ (ਰੂਪਨਗਰ): ਇਸ ਜ਼ਿਲ੍ਹੇ ਵਿੱਚ ਸੇਲੇਨੀਅਮ ਅਤੇ ਆਰਸੈਨਿਕ ਦੀ ਮਾਤਰਾ ਸਭ ਤੋਂ ਵੱਧ ਹੈ। ਰੋਪੜ ਦੇ ਦੱਖਣ-ਪੱਛਮੀ ਇਲਾਕੇ ਪ੍ਰਦੂਸ਼ਣ ਦੀ ਮਾਰ ਹੇਠ ਹਨ।

ਕਪੂਰਥਲਾ: ਇੱਥੇ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਮਿਲੀ ਹੈ, ਜਿਸ ਕਾਰਨ ਨਵਜੰਮੇ ਬੱਚਿਆਂ ਵਿੱਚ 'ਬਲੂ ਬੇਬੀ ਸਿੰਡਰੋਮ' ਦਾ ਖ਼ਤਰਾ ਵਧ ਜਾਂਦਾ ਹੈ।

ਪ੍ਰਦੂਸ਼ਣ ਦੇ ਮੁੱਖ ਕਾਰਨ

ਵਿਗਿਆਨੀਆਂ ਨੇ ਇਸ ਭਿਆਨਕ ਸਥਿਤੀ ਲਈ ਤਿੰਨ ਮੁੱਖ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ:

ਉਦਯੋਗਿਕ ਰਹਿੰਦ-ਖੂੰਹਦ: ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਗੰਦਾ ਅਤੇ ਰਸਾਇਣਕ ਪਾਣੀ।

ਖੇਤੀਬਾੜੀ: ਫ਼ਸਲਾਂ 'ਤੇ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ।

ਥਰਮਲ ਪਾਵਰ ਪਲਾਂਟ: ਪਲਾਂਟਾਂ ਵਿੱਚੋਂ ਨਿਕਲਣ ਵਾਲੀ ਰਾਖ ਅਤੇ ਹੋਰ ਪ੍ਰਦੂਸ਼ਕ।

ਮਾਹਿਰਾਂ ਦੀਆਂ ਸਿਫ਼ਾਰਸ਼ਾਂ

ਜੇਕਰ ਸਮਾਂ ਰਹਿੰਦੇ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਵਿੱਚ ਜਨਤਕ ਸਿਹਤ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਮਾਹਿਰਾਂ ਨੇ ਹੇਠ ਲਿਖੇ ਸੁਝਾਅ ਦਿੱਤੇ ਹਨ:

ਪਾਣੀ ਨੂੰ ਸਾਫ਼ ਕਰਨ ਲਈ ਬਾਇਓਰੀਮੀਡੀਏਸ਼ਨ ਅਤੇ ਨੈਨੋ-ਤਕਨਾਲੋਜੀ ਵਰਗੀਆਂ ਆਧੁਨਿਕ ਤਕਨੀਕਾਂ ਵਰਤੀਆਂ ਜਾਣ।

ਉਦਯੋਗਿਕ ਇਕਾਈਆਂ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇ।

ਰਿਹਾਇਸ਼ੀ ਅਤੇ ਉਦਯੋਗਿਕ ਇਲਾਕਿਆਂ ਵਿਚਕਾਰ 'ਬਫਰ ਜ਼ੋਨ' ਬਣਾਇਆ ਜਾਵੇ।

ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਚਲਾਈ ਜਾਵੇ।

ਸਾਫ਼ ਵਾਤਾਵਰਣ, ਸੁਰੱਖਿਅਤ ਪਾਣੀ ਅਤੇ ਜ਼ਹਿਰ ਰਹਿਤ ਖੁਰਾਕ ਹੀ ਲੋਕਾਂ ਦੀ ਸਿਹਤ ਨੂੰ ਬਚਾ ਸਕਦੀ ਹੈ। ਸਰਕਾਰ, ਉਦਯੋਗ ਅਤੇ ਆਮ ਲੋਕਾਂ ਨੂੰ ਮਿਲ ਕੇ ਇਸ ਖ਼ਤਰੇ ਨਾਲ ਨਜਿੱਠਣ ਦੀ ਲੋੜ ਹੈ।

Leave a Reply

Your email address will not be published. Required fields are marked *