Rahul Gandhi, Punjab Floods, Amritsar, Gurdaspur, Congress, Flood Relief, NDRF, Ravi River, Baba Budha Sahib, Punjab News, Political Newsਰਾਹੁਲ ਗਾਂਧੀ ਨੇ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।

ਅੰਮ੍ਰਿਤਸਰ/ਗੁਰਦਾਸਪੁਰ, 15 ਸਤੰਬਰ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਅੱਜ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।

ਹਾਲਾਂਕਿ, ਸਥਾਨਕ ਪੁਲਿਸ ਅਤੇ ਨੈਸ਼ਨਲ ਡਿਜ਼ਾਸਟਰ ਰਿਲੀਫ਼ ਫੋਰਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਵੀ ਦਰਿਆ ਪਾਰ ਪਿੰਡ ਤੂਰ ਜਾਣ ਤੋਂ ਰੋਕ ਦਿੱਤਾ ਗਿਆ।

ਇਸ ਮੌਕੇ ਗਾਂਧੀ ਨੇ ਰਮਦਾਸ ਅਜਨਾਲਾ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਵੀ ਮੱਥਾ ਟੇਕਿਆ ਅਤੇ ਉੱਥੇ ਅਰਦਾਸ ਕੀਤੀ।

ਇਸ ਲੜੀ ਹੇਠ, ਸੀਨੀਅਰ ਕਾਂਗਰਸੀ ਆਗੂ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਜਿੱਥੇ ਉਨ੍ਹਾਂ ਦੇ ਨਾਲ ਪਾਰਟੀ ਦੇ ਹੋਰ ਆਗੂ ਵੀ ਸਨ, ਜਿਨ੍ਹਾਂ ਵਿੱਚ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਇੰਚਾਰਜ ਪੰਜਾਬ ਭੁਪੇਸ਼ ਬਘੇਲ, ਸਕੱਤਰ ਰਵਿੰਦਰ ਦਲਵੀ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਓਮ ਪ੍ਰਕਾਸ਼ ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਗੁਰਜੀਤ ਸਿੰਘ ਔਜਲਾ, ਵਿਜੇ ਇੰਦਰ ਸਿੰਗਲਾ, ਸੁਖਮਿੰਦਰ ਸਿੰਘ ਡੈਨੀ, ਕੈਪਟਨ ਸੰਦੀਪ ਸੰਧੂ ਤੇ ਹੋਰ ਆਗੂ ਸ਼ਾਮਲ ਸਨ।

ਉਹ ਸਿੱਧੇ ਗੁਰਦੁਆਰਾ ਬੁੱਢਾ ਸਾਹਿਬ ਜੀ ਗਏ ਅਤੇ ਉੱਥੇ ਹੜ੍ਹਾਂ ਤੋਂ ਪੀੜਤਾਂ ਸਮੇਤ ਸਾਰਿਆਂ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ, ਰਾਹੁਲ ਗਾਂਧੀ ਨੂੰ ਪਾਰਟੀ ਆਗੂਆਂ ਨੇ ਹੜ੍ਹਾਂ ਕਾਰਨ ਪੰਜਾਬ ਵਿੱਚ ਹੋਏ ਨੁਕਸਾਨ ਅਤੇ ਤਬਾਹੀ ਦੀ ਹੱਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਧਿਆਨ ਵਿੱਚ ਸੂਬੇ ਅਤੇ ਕੇਂਦਰ ਸਰਕਾਰਾਂ ਦੀ ਲਾਪਰਵਾਹੀ ਵੀ ਲਿਆਂਦੀ ਗਈ, ਜਿਸ ਨਾਲ ਤਬਾਹੀ ਵਿੱਚ ਵਾਧਾ ਹੋਇਆ। ਉਨ੍ਹਾਂ ਨੇ ਗਾਂਧੀ ਨੂੰ ਦੱਸਿਆ ਕਿ ਸੂਬੇ ਅਤੇ ਕੇਂਦਰ ਸਰਕਾਰਾਂ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਨੁਕਸਾਨ ਨੂੰ ਲਗਭਗ 75 ਪ੍ਰਤੀਸ਼ਤ ਤੱਕ ਰੋਕਿਆ ਜਾ ਸਕਦਾ ਸੀ।

ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਜਿੱਥੇ ਸੂਬਾ ਸਰਕਾਰ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1600 ਕਰੋੜ ਰੁਪਏ ਦੇ ਮਾਮੂਲੀ ਹੜ੍ਹ ਰਾਹਤ ਪੈਕੇਜ ਦਾ ਐਲਾਨ ਕਰਕੇ ਪੰਜਾਬ ਨੂੰ ਨਿਰਾਸ਼ ਕੀਤਾ ਹੈ, ਜਦੋਂ ਕਿ ਨੁਕਸਾਨ ਦਾ ਖਦਸ਼ਾ 20,000 ਕਰੋੜ ਰੁਪਏ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਸ਼ੁਰੂ ਵਿੱਚ ਸੂਬਾ ਸਰਕਾਰ ਦੀ ਮਸ਼ੀਨਰੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੀ।

ਇਸ ਦੌਰਾਨ ਰਾਹੁਲ ਨੇ ਹੜ੍ਹਾਂ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਹਨ ਕਿ ਪਾਰਟੀ ਦੇ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਹੜ੍ਹ ਰਾਹਤ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖਾਹ/ਪੈਨਸ਼ਨ ਦਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਪੰਜਾਬੀਆਂ ਵਿੱਚ ਸੇਵਾ ਦੀ ਮਹਾਨ ਭਾਵਨਾ ਤੋਂ ਹਮੇਸ਼ਾ ਪ੍ਰਭਾਵਿਤ ਹੋਏ ਹਨ, ਜੋ ਮੁਸ਼ਕਿਲ ਹਾਲਾਤਾਂ ਵਿਚ ਵੀ ਉਨ੍ਹਾਂ ਦਾ ਮਨੋਬਲ ਨਹੀਂ ਡਿੱਗਣ ਦਿੰਦੀ। ਉਨ੍ਹਾਂ ਕਿਹਾ ਕਿ ਇਹ ਹੜ੍ਹਾਂ ਦੌਰਾਨ ਵੀ ਦੇਖਿਆ ਗਿਆ ਹੈ।

ਬਾਅਦ ਵਿੱਚ ਹੜ੍ਹ ਪ੍ਰਭਾਵਿਤ ਪੀੜਤਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਇਨ੍ਹਾਂ ਲੋਕਾਂ ਦੀਆਂ ਤੁਰੰਤ ਜ਼ਰੂਰਤਾਂ ਅਤੇ ਚਿੰਤਾਵਾਂ ਬਾਰੇ ਜਾਣਿਆ। ਦਰਿਆ ਦੇ ਕੰਢੇ ਰਹਿਣ ਵਾਲੇ ਜ਼ਿਆਦਾਤਰ ਲੋਕ, ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਆਪਣੇ ਘਰਾਂ ਲਈ ਤੁਰੰਤ ਮੁਆਵਜ਼ਾ ਚਾਹੁੰਦੇ ਸਨ।

ਸੀਨੀਅਰ ਕਾਂਗਰਸੀ ਨੇਤਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਮੁੱਦੇ ਸਬੰਧਤ ਮੰਚਾਂ ਤੇ ਉਠਾਉਣਗੇ ਅਤੇ ਪੀੜਤਾਂ ਨੂੰ ਹੋਰ ਅਤੇ ਢੁਕਵੀਂ ਰਾਹਤ ਦੇਣ ਲਈ ਦਬਾਅ ਪਾਉਣਗੇ। ਉਹ ਸੂਬਾ ਕਾਂਗਰਸ ਆਗੂਆਂ ਨਾਲ ਵੀ ਸਹਿਮਤ ਹੋਏ ਕਿ ਕੇਂਦਰੀ ਪੈਕੇਜ ਲੋੜ ਤੋਂ ਕਿਤੇ ਘੱਟ ਸੀ।

ਜਦਕਿ ਗਾਂਧੀ ਨੂੰ ਰਾਵੀ ਦਰਿਆ ਦੇ ਪਾਰ ਪਿੰਡ ਤੂਰ ਦਾ ਆਪਣਾ ਦੌਰਾ ਰੱਦ ਕਰਨਾ ਪਿਆ, ਜਿਹੜਾ ਹੜ੍ਹਾਂ ਦੌਰਾਨ ਕੱਟਿਆ ਗਿਆ ਸੀ। ਉਹ ਕਿਸ਼ਤੀ ਰਾਹੀਂ ਪਿੰਡ ਤੂਰ ਜਾਣ ਲਈ ਪਿੰਡ ਮਕੌੜਾ ਪੱਤਣ ਪਹੁੰਚੇ ਸਨ। ਹਾਲਾਂਕਿ, ਉਹ ਨਹੀਂ ਜਾ ਸਕੇ, ਕਿਉਂਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਟੈਲੀਫੋਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਗਾਂਧੀ ਨੂੰ ਸੁਰੱਖਿਆ ਚਿੰਤਾਵਾਂ ਦੇ ਕਾਰਨ ਹੜ੍ਹ ਵਾਲੀ ਨਦੀ ਪਾਰ ਕਰਨ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published. Required fields are marked *