ਹਿਮਾਚਲ ਅਤੇ ਉੱਤਰਾਖੰਡ ਵਿੱਚ ਇਸ ਵਾਰ ਭਾਰੀ ਮੀਂਹ ਅਤੇ ਕੁਦਰਤੀ ਆਫ਼ਤਾਂ ਨੇ ਸੇਬ ਦੇ ਬਾਗਾਂ ਨੂੰ ਬੁਰਾ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੱਖਾਂ ਕਿਸਾਨਾਂ ਦਾ ਆਮਦਨੀ ਦਾ ਆਸਰਾ ਟੁੱਟ ਗਿਆ ਹੈ ਕਿਉਂਕਿ ਨਾ ਫਸਲ ਬਾਜ਼ਾਰ ਤੱਕ ਪਹੁੰਚ ਰਹੀ ਹੈ ਅਤੇ ਨਾ ਹੀ ਦਰੱਖਤਾਂ ‘ਤੇ ਲੱਗੇ ਸੇਬ ਸਮੇਂ ‘ਤੇ ਤੋੜੇ ਜਾ ਰਹੇ ਹਨ।
ਹਿੰਦੀ ਅਖਬਾਰ ਦੈਨਿਕ ਭਾਸਕਰ ਦੀ ਰਿਪੋਰਰਟ ਮੁਤਾਬਿਕ ਹਿਮਾਚਲ ਵਿੱਚ ਕਰੀਬ 2 ਕਰੋੜ ਸੇਬ ਦੇ ਡੱਬੇ ਬਾਗਾਂ ਵਿੱਚ ਹੀ ਪਏ ਹਨ, ਜਦਕਿ ਉੱਤਰਾਖੰਡ ਵਿੱਚ 15 ਹਜ਼ਾਰ ਮੀਟ੍ਰਿਕ ਟਨ ਨਿਰਯਾਤ ਗੁਣਵੱਤਾ ਵਾਲੇ ਸੇਬ ਸੜ ਰਹੇ ਹਨ। ਹਜ਼ਾਰਾਂ ਕਿਸਾਨ ਭਾਰੀ ਨੁਕਸਾਨ ਝੱਲ ਰਹੇ ਹਨ ਅਤੇ ਬਾਗਬਾਨੀ ਉਦਯੋਗ ਸੰਕਟ ਵਿੱਚ ਹੈ।
ਹਿਮਾਚਲ: 2 ਕਰੋੜ ਡੱਬੇ ਬਾਗਾਂ ਵਿੱਚ ਰੁਕੇ
ਹਿਮਾਚਲ ਦੇ ਸ਼ਿਮਲਾ, ਕੁੱਲੂ, ਮੰਡੀ, ਕਿੰਨੌਰ, ਚੰਬਾ ਅਤੇ ਸਿਰਮੌਰ ਜ਼ਿਲ੍ਹਿਆਂ ‘ਚ ਸੇਬ ਦੀ ਵੱਡੀ ਪੈਦਾਵਾਰ ਹੁੰਦੀ ਹੈ, ਪਰ ਇਸ ਵਾਰ ਹੜ੍ਹਾਂ ਅਤੇ ਬੱਦਲ ਫਟਣ ਕਾਰਨ 95% ਸਪਲਾਈ ਪ੍ਰਭਾਵਿਤ ਹੋ ਚੁੱਕੀ ਹੈ। ਅਨੁਮਾਨ ਸੀ ਕਿ ਇਸ ਸਾਲ 3.50 ਕਰੋੜ ਡੱਬੇ ਤਿਆਰ ਹੋਣਗੇ, ਪਰ ਕੇਵਲ 1.38 ਕਰੋੜ ਹੀ ਬਾਜ਼ਾਰਾਂ ਵਿੱਚ ਪਹੁੰਚੇ ਹਨ।
ਕਰੀਬ 2 ਕਰੋੜ ਡੱਬੇ ਬਾਗਾਂ ਵਿੱਚ ਹੀ ਪਏ
ਯੂਨਾਈਟਿਡ ਫਾਰਮਰਜ਼ ਫੋਰਮ ਦੇ ਹਰੀਸ਼ ਚੌਹਾਨ ਸਮੇਤ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਸੇਬ ਤਿਆਰ ਵੀ ਹੋ ਗਏ ਹਨ, ਉਹ ਸੜਕਾਂ ਦੇ ਬੰਦ ਹੋਣ ਕਾਰਨ ਮਾਰਕੀਟ ਤੱਕ ਨਹੀਂ ਪਹੁੰਚ ਰਹੇ।
ਗੁਣਵੱਤਾ ਅਤੇ ਕੀਮਤ ‘ਚ ਗਿਰਾਵਟ
ਭਾਰੀ ਮੀਂਹ ਕਾਰਨ ਸੇਬਾਂ ਦਾ ਆਕਾਰ ਛੋਟਾ ਰਿਹਾ, ਸੁਆਦ ਤੇ ਗੁਣਵੱਤਾ ਵੀ ਪ੍ਰਭਾਵਿਤ ਹੋਈ। ਬਾਜ਼ਾਰਾਂ ‘ਚ ਘੱਟ ਕੀਮਤ ‘ਤੇ ਮਾਲ ਵੇਚਣਾ ਪੈ ਰਿਹਾ ਹੈ। ਸ਼ਿਮਲਾ ਦੇ ਰੋਹੜੂ ਖੇਤਰ ਦੇ ਕਿਸਾਨ ਕਹਿੰਦੇ ਹਨ ਕਿ ਇਸ ਵਾਰ ਲਾਗਤ ਵੀ ਪੂਰੀ ਨਹੀਂ ਹੋਵੇਗੀ।
ਉੱਤਰਾਖੰਡ: ਨਿਰਯਾਤ ਗੁਣਵੱਤਾ ਵਾਲੇ ਸੇਬ ਬਰਬਾਦ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੀ ਹਰਸ਼ੀਲ ਘਾਟੀ, ਜਿੱਥੇ ਲਾਲ ਡੇਲੀਸ਼ੀਅਸ ਅਤੇ ਗਾਲਾ ਵਰਗੇ ਸੇਬ ਉੱਗਦੇ ਹਨ, ਸਭ ਤੋਂ ਵੱਧ ਤਬਾਹੀ ਦਾ ਸ਼ਿਕਾਰ ਹੋਈ।
ਇੱਥੇ 2000 ਕਿਸਾਨ ਪ੍ਰਭਾਵਿਤ ਹੋਏ ਹਨ।
15 ਹਜ਼ਾਰ ਮੀਟ੍ਰਿਕ ਟਨ ਸੇਬ ਤਬਾਹ ਹੋਣ ਦੀ ਕਗਾਰ 'ਤੇ ਹਨ।
ਲਗਾਤਾਰ ਮੀਂਹ ਨਾਲ ਪੌਧਿਆਂ ਦੇ ਪੱਤੇ ਗਿਰ ਗਏ ਅਤੇ ਸੇਬ ਨਾ ਪੱਕੇ, ਨਾ ਹੀ ਆਕਾਰ ਲੈ ਸਕੇ।
ਦਰੱਖਤਾਂ 'ਤੇ ਹੀ ਸੜ ਗਏ ਸੇਬ
ਆਵਾਜਾਈ ਬੰਦ ਹੋਣ ਨਾਲ ਕੰਪਨੀਆਂ ਦੇ ਖਰੀਦਦਾਰ ਪਿੰਡਾਂ ਤੱਕ ਨਹੀਂ ਪਹੁੰਚ ਸਕੇ।
ਸੇਬ ਉਦਯੋਗ ਲਈ ਗੰਭੀਰ ਝਟਕਾ
ਹਿਮਾਚਲ ਦਾ 5000 ਕਰੋੜ ਰੁਪਏ ਦਾ ਬਾਗਬਾਨੀ ਉਦਯੋਗ, ਜਿਸ ਵਿੱਚ ਸੇਬ ਵੱਡਾ ਹਿੱਸਾ ਹੈ, ਗੰਭੀਰ ਸੰਕਟ ਵਿੱਚ ਹੈ। ਉੱਤਰਾਖੰਡ ਵਿੱਚ ਵੀ ਬਰਾਮਦ ਗੁਣਵੱਤਾ ਵਾਲੇ ਸੇਬਾਂ ਦੀ ਤਬਾਹੀ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

